Monday, 14 November 2011

ਗੁਰਜੀਤ ਜਟਾਣਾ

ਅਸਤ ਹੋ ਰਿਹਾ 
ਉਥੋਂ ਫੁੱਟਣ ਵਾਲੀ ਹਰ ਕਿਰਨ
ਮੇਰੇ ਲਈ ਨਿੱਤ ਨਵਾਂ
ਸੁਨੇਹਾ ਲੈ ਕੇ ਆਉਂਦੀ ਏ
ਮੈਂ ਵਰ੍ਹਿਆਂ ਤੋਂ
ਸਿਰ ਝੁਕਾਉਂਦਾ ਆ ਰਿਹਾਂ
ਤੇਰੇ ਮਹਿਲ
ਤੇ ਮਹਿਲ ਤੋਂ ਉਗਦੇ ਸੂਰਜ ਨੂੰ
ਤੂੰ ਵੀ ਕੁਝ ਕਰ
ਜੇ ਕੁਝ ਕਰਨ ਦਾ
ਹਾਲੇ ਤੇਰਾ ਮੂਡ ਨਹੀਂ
ਤਾਂ ਅੱਡੀਆਂ ਚੁੱਕ ਕੇ ਵੇਖ
ਤੈਨੂੰ ਵਿਹੜੇ ਵਿਚੋਂ ਹੀ ਦਿਖ ਜਾਵੇਗਾ
ਖੁੜਸੁੱਕ ਕਿੱਕਰ ਵਿਚ ਦੀ
ਅਸਤ ਹੋ ਰਿਹਾ, ਡੁੱਬ ਰਿਹਾ
ਮੇਰੀ ਜਿੰਦਗੀ ਦਾ ਸੂਰਜ .

ਗੁਰਜੀਤ ਜਟਾਣਾ

ਸ਼ਿਵਚਰਨ ਜੱਗੀ ਕੁੱਸਾ


ਹੁਣ ਮੈਂ, ਸਿੱਖ ਲਿਆ
ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ!
ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ,
ਤੇ ਲੈਣੇਂ ਫ਼ੋਕੇ ਸੁਪਨੇ!
ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ,
ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ!
ਜਿੰਨੀ ਆਸ ਰੱਖੀ 'ਗ਼ੈਰਾਂ' 'ਤੇ,
ਦਿਲ ਵਿਚ ਨਿਰਾਸ਼ਾ ਦੀ,
ਪਰਲੋਂ ਹੀ ਆਈ!

ਮਨ ਦੀ ਦੇਹਲ਼ੀ ਖ਼ੁਰਦੀ ਗਈ,
ਧਰਵਾਸ ਅਤੇ ਤਾਹਨਿਆਂ ਦੀਆਂ ਛੱਲਾਂ ਨਾਲ਼!
ਹੁਣ ਤਾਂ ਸਬਰ ਦਾ ਪਾਣੀ ਵੀ,
ਦਿਲ ਦੇ ਵਿਹੜੇ ਵੜਿਆ!
ਜ਼ਿੰਦਗੀ ਦੇ ਸਫ਼ਰ ਵਿਚ,
ਨਾ ਚਾਹੁੰਦਿਆਂ ਵੀ, ਅਪਨਾਉਣੇ ਪਏ,
ਕੰਡਿਆਲ਼ੇ ਰਾਹ!
ਤੇ 'ਵਜਾਉਣੇ' ਪਏ ਗਲ਼ ਪਏ ਢੋਲ,
ਤੇ ਨਿਭਾਉਣੇ ਪਏ 'ਅਣ-ਸਿਰਜੇ' ਰਿਸ਼ਤੇ!
ਚਾਹੇ ਕਦਮ-ਕਦਮ 'ਤੇ,
ਲਹੂ-ਲੁਹਾਣ ਹੁੰਦਾ ਰਿਹਾ,
ਪਰ ਅਣਮੰਨੇ ਰਿਸ਼ਤੇ ਦਾ ਜੂਲ਼ਾ,
ਚੁੱਕੀ ਰੱਖਿਆ ਆਪਣੇ ਮੋਢਿਆਂ 'ਤੇ!
ਮਿੱਧਦਾ ਤੁਰਿਆ ਗਿਆ,
ਆਪਣੇ ਅਰਮਾਨਾਂ ਦੇ ਮਲਬੇ ਨੂੰ!
ਮੇਰੀ ਜ਼ਿੰਦਗੀ ਵਿਚ ਆਏ ਇਸ ਰਿਸ਼ਤੇ ਵਿਚ,
ਮੋਹ ਅਤੇ ਅਪਣੱਤ ਦੀ ਅਣਹੋਂਦ ਸੀ,
ਸਿਰਫ਼ ਖ਼ੁਦਗਰਜ਼ੀ, ਸਿਆਸਤ ਅਤੇ ਮਤਲਬ-ਪ੍ਰਸਤੀ ਦੀ
ਸੜੇਹਾਂਦ ਸੀ!
ਜਦ ਹੁਣ ਸੁੱਕ-ਸੜ ਕੇ,
ਬਦਬੂ ਮਾਰ ਰਹੀਆਂ ਨੇ ਮੇਰੀਆਂ ਸਧਰਾਂ,
ਤਾਂ ਉਸ ਨੂੰ ਮੇਰੀ 'ਨਲਾਇਕੀ' ਦਾ ਨਾਂਮ ਦੇ ਕੇ,
ਜਨਾਜਾ ਕੱਢਿਆ ਜਾ ਰਿਹੈ!
ਵਜਾਏ ਜਾਂਦੇ ਨੇ ਮੇਰੇ ਕੰਨਾਂ ਵਿਚ ਢੋਲ਼ ਅਜੇ ਵੀ,
ਸ਼ੋਸ਼ਿਆਂ ਦੇ!
ਪਰ ਮੇਰਾ ਬਾਗ਼ੀ ਹੋਇਆ ਮਨ,
ਇਹਨਾਂ ਵਿਚ ਪਰਚਦਾ ਨਹੀਂ!



ਅਮਰਦੀਪ ਸਿੰਘ ਗਿੱਲ

ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ!

ਤੂੰ ਆਦਤ ਤੋਂ ਮਜਬੂਰ ਬੜੀ ,
ਹੈਂ ਸਦੀਆਂ ਤੋਂ ਮਗਰੂਰ ਬੜੀ ,
ਕਦੇ ਸਾਡੇ ਹੱਕ ਵਿੱਚ ਤੂੰ ਇਨਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ !
ਅਸੀਂ ਵੀ ਦਿੱਲੀਏ........................
ਟਾਇਰ ਗਲਾਂ ਵਿੱਚ ਪਾਏ ਨੀ ਤੂੰ ਲਾਹ ਕੇ ਪੱਗਾਂ ਨੂੰ ,
ਘਰ ਬਾਲ ਕੇ ਸਾਡੇ ਆਪ ਤੂੰ ਸੇਕਿਆ ਅੱਗਾਂ ਨੂੰ ,
ਏਸ ਰਾਖ ਨੂੰ ਮਜ਼ਲੂਮਾਂ ਨੇ ਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................
ਆਪਣੇ ਤਾਜ ਤਖਤ ਲਈ ਸੌਦੇ ਕਰਦੀ ਰਹਿੰਨੀ ਏ ,
ਸਾਡੀਆਂ ਜਾਨਾਂ ਇਵਜ਼ਾਨੇ ਵਿੱਚ ਭਰਦੀ ਰਹਿੰਨੀ ਏ ,
ਤੂੰ ਤਾਂ ਕੁੱਝ ਵੀ ਦੋਸ਼ੀਆਂ ਦੇ ਖਿਲਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................
ਪੀੜ ਜਵਾਨੀ ਟੱਪ ਕੇ ਛੱਬੀ ਸਾਲ ਦੀ ਹੋ ਗਈ ਏ
ਹੋਰ ਵੀ ਸੰਘਣੀ ਡੱਬੀ ਤੇਰੇ ਜਾਲ ਦੀ ਹੋ ਗਈ ਏ ,
ਪਾਣੀ ਅੱਗ ਬਣਾਉਣਾ ਏ ''ਗਿੱਲ'' ਭਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ....................!
ਅਮਰਦੀਪ ਸਿੰਘ ਗਿੱਲ

ਵਿਸ਼ਵ ਸਿੰਘ

ਪੰਛੀ
ਮੈਂ ਪੰਛੀ ਕਹੋ ਜਿਹੀ ਦਿਹਲੀਜ ਤੇ ਆ ਖੜਾ ਹਾਂ,
ਨਾ ਤਾ ਮੇਰੇ ਅਜੇ ਪੰਖ ਉੱਡਣ ਜੋਗ ਹੋਏ ਨੇ,
ਤੇ ਨਾ ਮੈਂ ਪੰਖ ਨਿਕਲਣ ਦੀ ਉਡੀਕ ਕਰ ਸਕਦਾ ਹਾਂ,
ਡਰ ਵੀ ਬਹੁਤ ਲੱਗਦਾ ਅਪਣਿਆ ਤੋਂ ਹੀ,
ਕੀਤੇ ਇਹਨਾ ਦਾ ਅਗਲਾ ਸ਼ਿਕਾਰ ਮੈਂ ਨਾ ਹੋ ਜਾਵਾ,
ਏਹੇ ਜਾਂਦੇ ਹੋਏ ਵੀ ਕੀ ਇਹ ਮੇਰੀ ਆਖਰੀ ਉਡਾਰੀ ਆ,
ਮੈਨੂੰ ਹੁਣ ਉਡਾਰੀ ਮਾਰਨੀ ਪਾਉਗੀ.........................

ਵਿਸ਼ਵ ਸਿੰਘ

ਨਿੰਦਰ ਘੁਗਿਆਣਵੀ

ਇਹ ਵੀ ਰੰਗ ਨੇ ਵਲੈਤ ਦੇ!
(ਲੜੀਵਾਰ)

ਨਿੰਦਰ ਘੁਗਿਆਣਵੀ
ਵਲੈਤ ਤੋਂ ਵਾਪਿਸ ਆਏ ਨੂੰ ਮੈਨੂੰ ਤਿੰਨ ਹਫ਼ਤੇ ਹੋਣ ਲੱਗੇ ਹਨ। ਅੰਕਲ ਦਾ ਫ਼ੋਨ ਤਿੰਨ-ਚਾਰ ਵਾਰ ਆ ਚੁੱਕੈ। ਪੁੱਛਦਾ ਹੈ-''ਬੇਟਾ ਤੂੰ ਠੀਕ ਹੈਂ...ਕੀ ਹਾਲ ਨੇ...ਕੀ ਕਰ ਰਿਹਾ ਹੈਂ...ਮੌਸਮ ਕਿਦਾਂ ਦਾ ਆ...ਘਰ-ਪਰਿਵਾਰ ਦਾ ਕੀ ਹਾਲ ਆ?" ਨਿੱਕੀਆਂ-ਨਿੱਕੀਆਂ,ਨਿੱਜੀ ਤੇ ਅੰਤਾਂ ਦੀ ਅਪਣੱਤ ਭਰੀਆਂ ਗੱਲਾਂ! ਜਿਵੇਂ ਕੋਈ ਪਿਓ ਵਲੈਤ ਗਏ ਆਪਣੇ ਪੁੱਤਰ ਨੂੰ ਫ਼ੋਨ 'ਤੇ ਪੁਛਦਾ ਹੋਵੇ, ਬਿਲਕੁਲ ਉਵੇਂ ਹੀ।
ਅੰਕਲ ਬੰਦਾ ਬਹੁਤ ਲੱਠਾ। ਸਾਊ ਤਾਂ ਏਨਾ  ਹੈ ਕਿ ਇਸਦਾ ਕੋਈ ਸਿਰਾ ਨਹੀਂ। ਪੁੱੱਜ ਕੇ ਸ਼ਰੀਫ਼! ਜੋ ਮੂੰਹ 'ਤੇ...ਉਹੀ ਮਨ ਅੰਦਰ। ਰਤਾ ਝੂਠ ਨਹੀਂ। ਅੰਕਲ ਇਸ ਅਖੌਤ ਦਾ ਉੱਕਾ ਧਾਰਨੀ ਨਹੀਂ ਕਿ ਆਪਣਾ ਝੱਗਾ ਚੁੱਕਿਆਂ ਤੋਂ ਆਪਣਾ ਢਿੱਡ ਈ ਨੰਗਾ ਹੁੰਦੈ...! ਉਹ ਧੀਮਾ ਬੋਲ ਕੇ ਗੱਲ ਕਰਦਾ ਹੈ। ਚਾਲੀ: ਵਰ੍ਹੇ ਪਹਿਲਾਂ ਵਲੈਤ ਆਇਆ ਅੰਕਲ ਵਲੈਤੀਆ ਨਹੀਂ ਬਣ ਸਕਿਆ...ਬਿਲਕੁਲ ਦੇਸੀ ਪੰਜਾਬੀ। ਉਹਦੇ ਅੰਦਰਲਾ 'ਭਾਰਤੀ ਪੰਜਾਬੀ' ਕੁਝ ਕੁ ਪੰਜਾਬੀ ਦਿਲਾਂ ਵਾਂਗ ਹਾਲੇ ਜਿੰ:ਦਾ ਹੈ। ਵਲੈਤੀ ਰੰਗ ਵਿੱਚ ਰੰਗਿਆ ਨਹੀਂ ਉਹ ਪੂਰੀ ਤਰਾ੍ਹਂ।
ਉਹ ਦੱਸਦਾ ਹੈ,''ਤੇਰੀ ਅੰਟੀ ਨੂੰ ਪਤਾ ਨ੍ਹੀਂ ਕੀ ਹੁੰਦਾ ਜਾਂਦਾ ਆ...ਹੁਣ ਉਹਨੇ ਗੁਰਦਵਾਰੇ ਜਾਣਾ ਵੀ ਘੱਟ ਕਰ ਦਿੱਤਾ...ਗੁਰਦਵਾਰੇ ਜਾ ਕੇ ਵੀ ਆਪਣੀਆਂ ਫਰੈਂਡਾਂ ਨਾਲ ਲੜਨ ਝਗੜਨ ਲੱਗੀ ਆ...ਕਦੇ-ਕਦੇ ਹੱਸਣ ਲੱਗ ਜਾਂਦੀ ਆ...ਕਿੰਨਾ-ਕਿੰਨਾ ਚਿਰ ਆਪੇ ਈ ਹੱਸੀ ਜਾਂਦੀ ਆ...ਜਦੋਂ ਰੋਣ  ਬਹਿ ਜਾਂਦੀ ਆ...ਰੋਈ ਈ ਜਾਂਦੀ ਆ ਕਿੰਨੀ-ਕਿੰਨੀ ਦੇਰ...ਪਤਾ ਨ੍ਹੀਂ ਲੱਗਦਾ ਦਿਨੋ-ਦਿਨ ਕੀ ਹੁੰਦਾ ਜਾਂਦਾ ਉਹਨੂੰ...ਆਪਣੇ ਰੂਮ ' ਵਿੱਚ ਵੜ ਕੇ ਪਈ ਰਹਿੰਦੀ ਆ...ਅੱਗੇ ਤਾਂ ਸਵੇਰੇ ਦੀ ਰੋਟੀ ਗੁਰਦਵਾਰੇ ਖਾ ਲੈਂਦੀ ਸੀ...ਆਪਣੀਆਂ ਫ਼ਰੈਂਡਾਂ ਨਾਲ ਟਾਈਮ ਪਾਸ ਕਰ ਆਉਂਦੀ ਸੀ...ਹੁਣ ਦਿਨੇ ਖਾਣੋ ਹਟ ਗਈ ਆ...ਮੈਨੂੰ ਤਾਂ ਪਤਾ ਨ੍ਹੀਂ ਲੱਗਦਾ...ਕੀ ਕਰਾਂ...ਕੀ ਨਾ ਕਰਾਂ...।"
ਅੰਕਲ ਦਾ ਫ਼ੋਨ ਸੁਣ ਕੇ ਮੈਨੂੰ ਉਸ 'ਤੇ ਤਰਸ ਆ ਰਿਹਾ ਹੈ। ਪਰ ਮੈਂ ਕਰ ਵੀ ਕਰ ਸਕਦਾ ਹਾਂ? ਸਿਵਾਏ ਹਮਦਰਦੀ ਜਾਂ ਫ਼ਿਕਰ ਤੋਂ? ਹੌਸਲਾ ਦੇਣ ਤੋਂ।
ਅੰਕਲ ਦੀ ਉਮਰ ਸੱਤਰ ਕੁ ਸਾਲ ਹੈ। ਪੂਰਾ ਸੂਰਾ ਸਰਦਾਰ। ਦਾਹੜੀ ਰੰਗ ਕੇ ਬੰਨ੍ਹਦੈ। ਸੋਹਣੇ ਘਰ ਵਿੱਚ ਰਹਿੰਦਾ ਹੈ। ਇਸ ਘਰ ਤੋਂ ਇਲਾਵਾ ਉਹਦੇ ਕੋਲ ਤਿੰਨ ਘਰ ਹੋਰ ਵੀ ਹੈਗੇ, ਜੋ ਉਸਨੇ ਕਿਰਾਏ ਉੱਤੇ ਚਾੜ੍ਹੇ ਹੋਏ ਹਨ। ਅੰਕਲ ਹਰ ਹਫ਼ਤੇ ਉਹਨਾਂ ਤੋਂ ਕਿਰਾਇਆ ਉਗਰਾਹੁਣ ਜਾਂਦਾ ਹੈ। ਜਿੰਨੇ ਹਫ਼ਤੇ ਮੈਂ ਉਸ ਕੋਲ ਰਿਹਾ, ਓਨੇ ਹਫ਼ਤੇ ਮੈਂ ਉਹਦੇ ਨਾਲ ਕਿਰਾਇਆ ਉਗਰਾਹੁਣ ਜਾਂਦਾ ਹੁੰਦਾ। ਅੰਕਲ ਪਹਿਲਾਂ ਕਿਰਾਏਦਾਰਾਂ ਨੂੰ ਫ਼ੋਨ ਕਰ ਕੇ ਉਹਨਾਂ ਨਾਲ ਟਾਈਮ ਸੱੈਟ ਕਰਦਾ। ਜਦ ਅਸੀਂ ਘਰ ਅੰਦਰ ਜਾਂਦੇ ਤਾਂ ਹਰ ਵਾਰੀ ਕਿਸੇ ਨਾ ਕਿਸੇ ਦੀ, ਕੋਈ ਨਾ ਕੋਈ ਸ਼ਿਕਾਇਤ ਹੁੰਦੀ, ਕਦੀ ਘਰ ਨੂੰ ਹੀਟ ਦੇਣ ਵਾਲਾ ਗੈਸ ਬੁਆਇਲਰ ਖਰਾਬ। ਕਦੀ ਕੋਈ ਤਖ਼ਤੀ ਜਾਂ ਕੁੰਡੀ ਟੁੱਟ ਗਈ। ਕਦੇ ਸਿੰਕ ਵਿੱਚ ਕੁਝ ਫਸ ਗਿਆ। ਕਦੇ ਟੁਆਇਲਟ ਬਲੌਕ ਹੋ ਗਈ। ਇਹਨੂੰ ਠੀਕ ਕਰਨ ਦਾ ਪਲੰਬਰ ਸੌ ਪੌਂਡ ਲੈਂਦਾ। ਕਦੇ ਰਸੋਈ ਦੇ ਚੁੱਲ੍ਹੇ 'ਚ ਕੋਈ ਨੁਕਸ ਪੈ ਗਿਆ। ਅੰਕਲ ਖਿਝਦਾ। ਪਲੰਬਰ ਨੂੰ ਆਪਣੇ ਸੈੱਲ ਫ਼ੋਨ ਤੋਂ ਫ਼ੋਨ ਮਿਲਾਉਂਦਾ। ਜੇਕਰ ਉਹ ਮੁਰੰਮਤ ਦੇ ਜਾਇਜ਼ ਪੈਸੇ ਮੰਗਦਾ ਤਾਂ ਅੰਕਲ ਘਰ ਦਾ ਪਤਾ ਸਮਝਾਉਂਦਾ।
ਉਹ ਦੱਸਦਾ-''ਘਰਾਂ ਅੰਦਰ ਮੈਂ ਭਾਂਤ-ਭਾਂਤ ਦੀ ਲੱਕੜੀ 'ਕੱਠੀ ਕੀਤੀ ਹੋਈ ਆ...ਕਿਸੇ ਇੱਕ ਪੂਰੇ ਟੱਬਰ ਨੂੰ ਮੈਂ ਘਰ ਨ੍ਹੀਂ ਦਿੰਦਾ...ਇੱਕ-ਇੱਕ ਕਮਰਾ ਚਾੜ੍ਹਦਾ ਹਾਂ...ਬਾਥਰੂਮ ਤੇ ਰਸੋਈ ਸਭ ਦੇ ਸਾਂਝੇ, ਵਾਰੀ-ਵਾਰੀ ਵਰਤੋ...ਨਾ ਈ ਮੈਂ ਕਿਸੇ ਇੱਕ ਕਮਿਊਨਿਟੀ ਦੇ ਤਬਕੇ ਦੇ ਲੋਕਾਂ ਨੂੰ ਘਰ ਦੇਵਾਂ...ਨਹੀਂ ਤਾਂ ਉਹ ਲੋਕ ਏਕਾ ਕਰ ਕੇ ਮਕਾਨ ਮਾਲਕ ਦੇ ਖ਼ਿਲਾਫ਼ ਜੁੜ ਜਾਣਗੇ...ਹੈ ਨਾ ਸੱਚੀ ਗੱਲ ਮੇਰੀ...?"
''ਗੱਲ ਸੁਣ ਪੁੱਤਰ, ਤੂੰ ਸੋਚਦਾ ਹੋਵੇਂਗਾ ਕਿ ਅੰਕਲ ਖਵਰੇ ਕਿੰਨੀ ਕੁ ਕਮਾਈ ਕਰ ਰਿਹਾ ਹੋਣਾ ਕਿਰਾਏ ਦੇ ਘਰਾਂ ਤੋਂ...ਸਾਰੀ ਉਮਰ ਤਾਂ ਘਰ ਲੈਣ-ਬਣਾਉਣ 'ਤੇ ਲੰਘਗੀ...ਬਚਦਾ-ਬੁਚਦਾ ਕੱਖ ਨ੍ਹੀਂ...ਕਰਜ਼ਾ ਈ ਹੁਣੇ ਲੱਥਾ...ਕਦੇ ਕੋਈ ਕਿਰਾਏ ਦਾਰ ਭੱਜ ਜਾਂਦੈ ਸਾਲ਼ਾ...ਫਿਰ ਪੇਪਰ 'ਚ ਐਡ ਦਿੰਨਾ ਵਾਂ ਕਿ ਕਮਰਾ ਲੈਣਾ ਹੋਵੇ ਤਾਂ ਵਿਹਲਾ ਪਿਆ...ਕੋਈ ਇੱਕ ਸਿਆਪਾ ਆ ਏਥੇ...?"
                                   ********
ਦੱਸਦਾ ਜਾਵਾਂ ਕਿ ਅੰਕਲ ਨਾਲ ਮੇਲ ਕਿਵੇਂ ਹੋਇਆ? ਪੰਜ-ਛੇ ਸਾਲਾਂ ਤੋਂ ਅੰਕਲ ਮੇਰੇ ਕਾਲਮ ਵਲੈਤ ਵਿੱਚ ਛਪਦੀ ਵੱਡੀ ਪੰਜਾਬੀ ਅਖ਼ਬਾਰ 'ਰਣਜੀਤ ਵੀਕਲੀ' ਵਿੱਚ ਪੜ੍ਹਦਾ ਆ ਰਿਹਾ ਹੈ। ਉਸਨੂੰ ਚੰਗੀਆਂ ਪੁਸਤਕਾਂ, ਮਿਆਰੀ ਫ਼ਿਲਮਾਂ ਤੇ ਚੰਗੇ ਸੰਗੀਤ ਨਾਲ ਬਹੁਤ ਮੋਹ ਹੈ। ਮੈਨੂੰ ਅੰਕਲ ਨੇ ਇੰਡੀਆ ਬਹੁਤ ਵਾਰੀ ਫੋ:ਨ ਕੀਤੇ। ਵਲੈਤ ਆਉਣ ਲਈ ਸੱਦਾ ਦਿੱਤਾ। ਹੁਣ ਜਦ ਮੈਂ ਆਪਣੇ ਕੁਝ ਦੋਸਤਾਂ ਦੇ ਬੁਲਾਵੇ 'ਤੇ ਵਲੈਤ ਪੁੱਜਿਆ ਤਾਂ ਇਹ ਕਿਵੇਂ ਹੋ ਸਕਦਾ ਸੀ ਕਿ ਅੰਕਲ ਨੂੰ ਫ਼ੋਨ ਨਾ ਕਰਦਾ ਮੈਂ? ਇੰਡੀਆ ਤੋਂ ਵੀ ਅੰਕਲ ਨੂੰ ਫ਼ੋਨ ਕੀਤਾ ਸੀ ਕਿ ਮੈਂ ਆ ਰਿਹਾਂ। ਅੰਕਲ ਉਡੀਕਦਾ ਸੀ।  ਵਲੈਤ ਪਹੁੰਚ ਕੇ ਵੀਹ ਦਿਨ ਤਾਂ ਅੰਕਲ ਦੇ ਸ਼ਹਿਰ ਜਾਇਆ ਨਹੀਂ ਗਿਆ। ਪਰ ਅੰਕਲ ਹਰ ਰੋਜ਼ ਫ਼ੋਨ ਕਰਕੇ ਮੇਰਾ ਹਾਲ-ਚਾਲ ਜਾਣ ਲੈਂਦਾ। ਜਦ ਮੈਂ ਕੋਚ ਵਿੱਚ ਬੈਠ ਕੇ ਅੰਕਲ ਦੇ ਸ਼ਹਿਰ ਪੁੱਜਿਆ ਤਾਂ ਉਹ ਬੱਸ ਅੱਡੇ 'ਤੇ ਆਣ ਕੇ ਮੈਨੂੰ ਲੈ ਗਿਆ। ਰਾਹ ਵਿੱਚ ਜਾਂਦੇ ਹੀ ਉਹਨੇ ਬੜੀ ਬੇਬਾਕੀ ਨਾਲ ਆਖਿਆ, ''ਪੁੱਤਰ, ਮਾਈਂਡ ਨਾ ਕਰੀਂ ਤੂੰ...ਤੇਰੀ ਅੰਟੀ ਦੀ ਨੇਚਰ ਗੁੱਡ ਨਹੀਂ ਆ...ਮੇਰੇ ਨਾਲ ਬੜੀ ਦੇਰ ਤੋਂ ਅਣਬਣ ਆਂ...ਭਾਵੇਂ ਇਕੱਠੇ ਰਹਿ ਰਹੇ ਆਂ...ਪਰ ਨਾ ਹੋਇਆਂ ਵਰਗੇ...ਪੁੱਤਰ ਤੂੰ ਮਾਈਂਡ ਨਾ ਕਰੀਂ...ਮੈਂ ਤੈਨੂੰ ਸਭ ਕੁਝ ਦੱਸੂੰਗਾ...ਉਂਝ ਤੈਨੂੰ ਵਧੀਆ ਮਿਲੂ...ਤੇਰਾ ਆਪਣਾ ਘਰ ਆ...ਜਿੰਨੇ ਦਿਨ ਮਰਜ਼ੀ ਰਹਿ...ਉਹ ਆਪਣੀ ਧੁਨ 'ਚ ਮਸਤ ਆ...ਬੱਚੇ ਕੋਲ ਨਹੀਂ...ਤੈਨੂੰ ਫਿਰ ਦੱਸਾਂਗਾ...ਓ.ਕੇ. ਪੁੱਤਰ...ਡੌਂਟ ਵਰੀ...ਯੂ ਵੈੱਲਕਮ ਪੁੱਤਰ...।"

                                     

ਰਿੰਕੂ ਸੈਣੀ

ਧਰਤੀ

ਕੀ ਹੋਇਆ ਧਰਤੀ ਭੈਣੇ,
ਤੂੰ ਕਾਹਨੂੰ ਅੱਖ ਵਹਾਹਵੇ,
ਪਹਿਲਾਂ ਤਾਂ ਸੀ ਹੱਸੀ ਖੇਡੀ,
ਹੁਣ ਕਿਉਂ ਸੁੱਕਦੀ ਜਾਵੇ।

ਕੀ ਦੱਸਾਂ ਦੁਖੜੇ ਚੰਨ ਵੀਰਾ,
ਮੈਨੂੰ ਸਮਝ ਕੋਈ ਨਾ ਆਵੇ,
ਜਿਨਾਂ ਨੂੰ ਮੈਂ ਜੀਵਨ ਦਿੱਤਾ,
ਉਹੀ ਬੰਦਾ ਮੈਨੂੰ ਉਜਾੜਣਾ ਚਾਹੇ।

ਹਰ ਪਾਸੇ ਮੈਂ ਬੰਜਰ ਹੋਈ,
ਕੋਈ ਪੋਦਾ ਨਜਰ ਨਾ ਆਵੇ,
ਧੁੰਆ ਧੁੰਆ ਹਰ ਪਾਸੇ ਦੇਖਾ,
ਮੈਨੂੰ ਸਾਹ ਰੱਤਾ ਨਾ ਆਵੇ।

ਬੰਦਾ ਜਾਤ ਬੜੀ ਮਤਲਬਖੋਰੀ,
ਕੋਣ ਇਸ ਨੂੰ ਸਮਝਾਵੇ,
ਜਿਨਾਂ ਸਾਹ ਤੇ ਛਾਵਾਂ ਬਖਸੇ,
ਉਨਾਂ ਦਰੱਖਤਾਂ ਨੂੰ ਕੱਟਦਾ ਜਾਵੇ।

ਪਾਣੀ ਵੀ ਮੇਰਾ ਸੁੱਕ ਗਿਆ ਹੈ,
ਫਿਰ ਵੀ ਮੇਰੀ ਛਾਤੀ ਨੂੰ ਪੁੱਟਦਾ ਜਾਵੇ,
ਮੈਂ ਖੁਦ ਅੱਜ ਨਿਢਾਲ ਹੋਈ ਹਾਂ,
ਕੋਈ ਆਕੇ ਮੈਨੂੰ ਬਚਾਵੇ ।
ਰਿੰਕੂ ਸੈਣੀ

ਰਵੀ ਸਚਦੇਵਾ


'ਤੇ ਜਦੋਂ ਆਂਟੀ ਨੇ ਜੀਨ ਪਾ ਲਈ.....

 ਅਜਿਹਾ ਸ਼ਬਦ ਜਿਸਦਾ ਜਿਕਰ ਹੁੰਦੇ ਹੀ ਮਨ ਅੰਦਰ ਇੱਕ ਗੋਰੀ ਚਿੱਟੀ, ਲੰਬ ਸਲਮੀ,ਸੁਡੋਲ ਸਰੀਰ ,ਚੌੜੇ ਸੀਨੇ ਤੇ ਉਭਰਵੀਂ ਛਾਤੀ ਵਾਲੀ ਇੱਕ ਹੁਰਪਰੀ ਦੀ ਤਸਵੀਰ ਉਬਰ ਆਉਂਦੀ ਹੈ। ਉਹ ਹੈ "ਪਟੋਲਾ"!  ਮੂੰਗਫਲੀਆਂ ਵਰਗੇ ਪੱਟ ਤੇ ਰਸ ਮਲਾਈ ਟੱਪਕਦੀਆਂ ਲੂ-ਫੁੱਟ ਗੱਲਾਂ,ਅੱਖਾਂ ਚ ਚੜਦੀ ਜਵਾਨੀ ਦਾ ਜੋਸ਼ ਅਜਿਹੀ ਕੁੜੀ ਵੱਲ ਦੇਖਣ ਦਾ ਦਿਲ ਕੀਹਦਾ ਨਹੀ ਕਰਦਾ। ਭਾਵੇਂ ਉਸ ਕੋਲ ਪਹਿਲਾ ਹੀ ਪੋਸਟ ਪੇਡ ਕਨੈਂਕਸ਼ਨ ਕਿਉਂ ਨਾ ਹੋਵੇ ਭਾਵ ਉਹ ਵਿਆਹਿਆ ਹੋਵੇ। ਆਦਮੀ ਦੀ ਫਿਤਰਤ ਬਣ ਚੁੱਕੀ ਹੈ ਪ੍ਰੀ-ਪੇਡ ਵੱਲ ਤੱਕਣਾ ਯਾਨਿ ਕਿ ਬਾਹਰ ਵਾਲੀ ਵੱਲ ਲਲਚਾਈਆਂ ਨਜ਼ਰਾਂ ਨਾਲ ਬੜੀ ਸਿਦਕ ਨਾਲ ਪਿੱਛੇ ਮੁੜ-ਮੁੜ ਕੇ ਤੱਕਣਾਂ ਜਦ ਤੱਕ ਉਹ ਭੀੜ ਅੰਦਰ ਅਲੋਪ ਨਾ ਹੋ ਜਾਵੇ ਜਾਂ ਵਿਖਣੋ ਬੰਦ ਨਾ ਹੋ ਜਾਵੇ। ਹਰ ਇਕ ਨਰ ਭਾਵੇਂ ਉਹ ਕਿਸੇ ਵਹੀਕਲ ਤੇ ਸਵਾਰ ਹੋਵੇ ਜਾ ਪੈਦਲ ਜਾਂ ਫਿਰ ਨੇੜੇ ਤੇੜੇ ਦੇ ਵਿਹਲੇ ਬੈਠੇ ਦੁਕਾਨਦਾਰ ਸਭ ਜਿਸ ਜਿਸ ਦੀ ਨਜ਼ਰ ਰਾਹ ਜਾਂਦੀ ਤੇ ਪੈਂਦੀ ਹੈ ਉਹ ਇਸ ਪਟੋਲੇ ਦੇ ਦਰਸ਼ਨ ਕਰਨੋ ਨਹੀ ਟਲਦੇ।
ਪਿਛਲੇ ਦਿਨੀ ਇੱਕ ਅਜੀਬੋ ਗਰੀਬ ਘਟਨਾ ਮੇਰੇ ਗੁਆਂਢੀ ਸ਼ਰਮਾਂ ਜੀ ਨਾਲ ਘਟੀ। ਐਤਵਾਰ ਦਾ ਦਿਨ ਸੀ। ਅਸੀ ਚਾਰ ਪੰਜ ਦੁਕਾਨਦਾਰ ਇੱਕਠੇ ਹੋ ਕੇ ਤਾਸ਼ ਦਾ ਆਨੰਦ ਮਾਣ ਰਹੇ ਸਾਂ। ਸ਼ਾਇਦ ਉਹ ਦਿਨ ਕੁਝ ਖਾਸ ਸੀ ਕਿਉਂਕਿ ਬੜੇ ਦਿਨਾਂ ਬਾਦ ਹੋਸਟਲ ਵਾਲੀਆਂ ਕੁੜੀਆਂ ਦੋ-ਦੋ ਚਾਰ-ਚਾਰ ਦੇ ਝੁੰਡਾਂ ਵਿੱਚ
ਸੌਪਿੰਗ ਕਰਨ ਲਈ ਬਾਹਰ ਆਈਆਂ ਸਨ। ਕਈ ਕੁੜੀਆਂ ਸਦਰ ਬਾਜ਼ਾਰ ਵੱਲ ਜਾ ਰਹੀਆਂ ਸਨ ਤੇ ਕਈ ਸਿਨੇਮਾ ਹਾਲ ਵੱਲ ਤੇ ਕਈ ਕੁੜੀਆਂ ਨੇੜੇ ਤੇੜੇ ਦੇ ਰੇਸਟੋਰੈਂਟਾਂ ਵਿੱਚ ਫਾਸਟ ਫੂਡਾ ਦਾ ਆਨੰਦ ਮਾਣਨ ਜਾ ਰਹੀਆਂ ਸਨ। ਤਾਸ਼ ਖੇਡ ਰਹੇ ਸਾਰੇ ਦੇ ਸਾਰੇ ਰਾਹ ਜਾਂਦੀਆਂ ਕੁੜੀਆਂ ਦੇ ਹੁਸਨ ਦੀ ਤਾਰੀਫ ਆਪਣੇ ਆਪਣੇ ਅੰਦਾਜ਼ ਵਿੱਚ ਕਰ ਰਹੇ ਸਨ ਅਤੇ ਕੁਝ ਵਿਆਹੇ ਆਪਣੀਆਂ ਪਤਨੀਆਂ ਨੂੰ ਕੋਸਦੇ ਉਹਨਾਂ ਨੂੰ ਔਲਡ ਮਾਡਲ ਦੱਸਦੇ ਤੇ ਮਾਡਰਨ ਨੱਢੀਆਂ ਨੂੰ ਉਚ ਕੋਟਿ ਦੇ ਮਾਡਲ ਪਟੋਲੇ ਦੱਸਦੇ। ਆਪਣੀ ਆਪਣੀ ਘਰ ਗ੍ਰਹਿਸਥੀ ਦੇ ਕਿੱਸੇ ਇੱਕ ਦੂਜੇ ਨਾਲ ਸਾਂਝੇ ਕਰ ਰਹੇ ਸਨ। ਸ਼ਰਮਾਂ ਜੀ ਦੀ ਵਾਰੀ ਆਈ। ਉਹਨਾਂ ਨੇ ਆਪਣੀ ਗੱਲ ਤੋਰੀ ਤੇ ਕਹਿਣ ਲੱਗੇ, ਯਾਰ ਮੈਂ ਵੀ ਬੜਾ ਦੁਖੀ ਹਾਂ ਘਰਵਾਲੀ ਤੋਂ… ਉਸਦੇ ਸੁਭਾਅ ਤੋਂ… ਉਸਦੇ ਪਹਿਰਾਵੇ ਤੋਂ…ਮਰਜਾਣੀ ਦੂਜੇ ਤੀਜੇ ਦਿਨ ਬਾਜ਼ਾਰ ਤੁਰੀ ਰਹਿੰਦੀ ਏ,ਨਿੱਤ ਨਵੇਂ ਨਵੇਂ ਸੂਟ ਪਰ ਦਿਖਾਵਾ ਸਿਰਫ ਦੂਜਿਆ ਅੱਗੇ। ਕਿੱਟੀ ਪਾਰਟੀਆਂ ਤੇ ਉਹ ਬੜੀ ਲਿਸ਼ਕ-ਪੁਸ਼ਕ ਕੇ ਜਾਂਦੀ ਏ ਪਰ ਰਾਤ ਨੂੰ ਜਦ ਮੈਂ ਘਰ ਪਹੁੰਚਦਾ ਹਾਂ ਤਾਂ ਮੈਡਮ ਨੂੰ ਦੇਖਦਾ ਹਾਂ ਪੁਰਾਣੇ ਲੀੜਿਆਂ ਵਿੱਚ ਜਿੰਨਾਂ ਨੂੰ ਉਹ ਬਾਈ ਸਾਲ ਪਹਿਲਾਂ ਵਿਆਹ ਸਮੇਂ ਆਪਣੇ ਮਾਪਿਆਂ ਤੋਂ ਲਿਆਈ ਸੀ। ਨਿੱਤ-ਨਿੱਤ ਉਹਨਾਂ ਲੀੜਿਆਂ ਵਿੱਚ ਵੇਖ ਮੈਨੂੰ ਮਰਜਾਣੀ ਦੇ ਬੂਥੇ ਤੋਂ ਹੀ ਨਫਰਤ ਹੋ ਗਈ ਏ। ਮੈਂ ਕੁਝ ਨਵਾਂ ਭਾਲਦਾ ਸੀ। ਸ਼ਾਇਦ …ਨਵਾਂ ਮਾਹੌਲ! ਕੁਝ ਦਿਨ ਪਹਿਲਾਂ ਮੇਰੀ ਜਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਮੇਰੀ ਸਾਹਮਣੀ ਗੁਆਢਣ ਵੀ ਨਵਾਂ ਮਾਹੌਲ ਭਾਲਦੀ ਸੀ। ਸਾਡੀ ਗੱਲ ਬਣ ਗਈ। ਮੈਂ ਹਰ ਰੋਜ਼ ਰਾਤ ਨੂੰ ਘਰ ਜਾਂਦੇ ਹੀ ਬਾਲਕੋਨੀ ਦੀ ਖਿੜਕੀ ਵਿੱਚ ਖੜਾ ਹੋ ਜਾਂਦਾ ਤੇ ਇੱਕ ਦੋ ਵਾਰ ਬਾਹਰ ਲੱਗੇ ਬਲਬ ਨੂੰ ਜਗਾਉਦਾਂ ਤੇ ਫਿਰ ਬੰਦ ਕਰਦਾ। ਉਹ ਸਮਝ ਜਾਂਦੀ ਤੇ ਫਿਰ ਉਹ ਵੀ ਇੱਕ ਦੋ ਵਾਰ ਇੰਝ ਹੀ ਕਰਦੀ ਤੇ ਬਾਲਕੋਨੀ ਵਿੱਚ ਜੱਚ ਕੇ ਖੜ ਜਾਂਦੀ। ਅਸੀਂ ਇੱਕ ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਨਿਹਾਰਦੇ। ਸਭ ਕੁਝ ਠੀਕ ਚੱਲ ਰਿਹਾ ਸੀ। ਗੱਡੀ ਅੰਤਮ ਪੜਾਅ ਵੱਲ ਵੱਧ ਰਹੀ ਸੀ। ਅਚਾਨਕ ਮੇਰੀ ਪਤਨੀ ਨੇ ਇਹ ਸਭ ਵੇਖ ਲਿਆ ਤੇ ਫਿਰ ਗੁੱਸੇ ਵਿੱਚ ਉਹ ਜੋ ਕੁਝ ਬੋਲਦੀ ਰਹੀ ਮੈਂ ਸੁਣਦਾ ਰਿਹਾ। ਰਾਤ ਭਰ ਤੂੰ-ਤੂੰ ਮੈਂ-ਮੈਂ ਵਾਲੀ ਜੰਗ ਜੋਰਾਂ ਸ਼ੋਰਾਂ ਤੇ ਚਲਦੀ ਰਹੀ। ਨਾ ਉਸਨੇ ਕੁਝ ਖਾਧਾ ਤੇ ਨਾ ਮੈਂ ਕੁਝ ਸਮਾਂ ਮਾਹੌਲ ਸ਼ਾਤ ਰਿਹਾ ਤੇ ਫਿਰ ਉਹ ਪੁੱਛਣ ਲੱਗੀ, ਉਸ ਵਿੱਚ ਅਜਿਹਾ ਕੀ ਏ ਜੋ ਮੇਰੇ ਵਿੱਚ ਨਹੀ ? ਮੌਕਾ ਚੰਗਾ ਸੀ ਮੇਰੇ ਮਨ ਅੰਦਰ ਜੋ ਉਬਾਲ ਭਰਿਆ ਸੀ ਉਹ ਸਭ ਮੈਂ ਅੱਜ ਕੱਢ ਦੇਣਾ ਚਾਹੁੰਦਾ ਸੀ। ਫਿਰ ਮੈਂ ਉਸ ਨੂੰ ਕਹਿ ਹੀ ਦਿੱਤਾ, ਉਹ ਉਮਰ ਚੋਂ ਤੇਰੇ ਤੋਂ ਵੱਡੀ ਏ। ਚਾਰ ਨਿਆਣਿਆਂ ਦੀ ਮਾਂ ਏ। ਫਿਰ ਵੀ ਉਹ ਸਲੀਵਲੈਸ, ਸਕਿਨ ਟਾਈਟ ਲੀੜੇ ਪਾਉਂਦੀ ਏ। ਉਸ ਨੂੰ ਕੱਪੜੇ ਪਹਿਨਣ ਦਾ ਸਲੀਕਾ ਏ। ਉਹ ਜਾਣਦੀ ਏ ਮਰਦਾਂ ਨੂੰ ਕਿਵੇਂ ਲੁਭਾਈਦਾ ਏ ਉਹਨਾਂ ਨੂੰ ਕਿਵੇਂ ਖੁਸ਼ ਰੱਖੀਦਾ ਏ। ਤੇ ਤੂੰ ਦੋ ਨਿਆਣਿਆਂ ਦੀ ਮਾਂ ਏ ਤੇ ਉਮਰ ਵਿੱਚ ਉਸ ਤੋਂ ਘੱਟ ਫਿਰ ਵੀ ਤੂੰ ਇੰਨੀ ਜਲਦੀ ਕਿਉਂ ਬੁੱਢੀ ਹੋ ਗਈ। ਤੈਨੂੰ ਦੂਜਿਆ ਲਈ ਲਿਸ਼ਕਣਾ ਆਉਂਦਾ ਏ,ਪਰ ਪਤੀ ਲਈ ਨਹੀ । ਇੱਕ ਵਾਰ ਫਿਰ ਮਾਹੌਲ ਗਰਮ ਹੋ ਗਿਆ। ਬਘਿਆੜਣੀ ਨੇ ਫਿਰ ਦਿਹਾੜਣਾ ਸ਼ੁਰੂ ਕਰ ਦਿੱਤਾ। ਜਦ ਤੱਕ ਸੂਰਜ ਦੀ ਟਿਕੀ ਸਿਰ ਤੇ ਨਹੀ ਆ ਗਈ ਤਦ ਤੱਕ ਤੂੰ-ਤੂੰ ਮੈਂ-ਮੈਂ ਵਾਲੀ ਜੰਗ ਜ਼ੋਰਾਂ-ਸ਼ੋਰਾਂ ਤੇ ਚਲਦੀ ਰਹੀ ਤੇ ਫਿਰ ਚਿਹਰੇ ਤੇ ਤਿਉੜੀਆਂ ਪਾਉਂਦੀ ਗੁੱਸੇ ਵਿੱਚ ਲਾਲ-ਸੁਰਖ ਨਿਆਣਿਆਂ ਨੂੰ ਸਕੂਲ ਛੱਡਣ ਚਲੀ ਗਈ ਤੇ ਮੈਂ ਅੰਤਾਂ ਦਾ ਦੁਖੀ ਭਰੇ ਮਨ ਨਾਲ ਦੁਕਾਨ ਤੇ ਆ ਗਿਆ।
ਸ਼ਰਮਾਂ ਜੀ ਨੇ ਆਪਣੀ ਹੱਢ-ਬੀਤੀ ਸੁਣਾਉਦਿਆਂ ਹੀ ਸਿਗਰਟ ਦਾ ਇੱਕ ਲੰਬਾ ਕੱਸ ਅੰਦਰ ਖਿੱਚਿਆ ਤੇ ਫਿਰ ਉਹ ਸ਼ਾਂਤ ਹੋ ਗਏ। ਕੁਝ ਸਮਾਂ ਤਾਸ਼ ਦੇ ਪੱਤੇ ਇੱਕ ਦੂਜੇ ਨਾਲ ਮਿਲਦੇ ਰਹੇ ਸਰਾਂ ਬਣਦੀਆਂ ਰਹੀਆਂ ਤੇ ਫਿਰ ਦੂਰੋਂ ਦੋ ਪਟੋਲੇ ਆਉਂਦੇ ਨਜ਼ਰ ਆਏ। ਮਾਹੌਲ ਫਿਰ ਰੰਗੀਨ ਹੋ ਗਿਆ। ਸਭ ਦੀਆਂ ਨਜ਼ਰਾਂ ਸਾਹਮਣਿਉ ਆਉਂਦੀਆਂ ਨੱਢੀਆਂ ਤੇ ਟਿਕ ਗਈਆਂ। ਸਾਰੇ ਯਾਰ ਬੇਲੀ ਇਹਨਾ ਨੱਢੀਆਂ ਦੇ ਹੁਸਨ ਦੀ ਤਰੀਫ ਆਪਣੇ-ਆਪਣੇ ਕਰਣ ਲੱਗੇ । ਜਦ ਕੁਝ ਨੇੜੇ ਆਈਆਂ । ਦੋਹਾਂ ਨੱਢੀਆਂ ਵਿੱਚੋਂ ਇੱਕ ਨੂੰ ਤਾਸ਼ ਖੇਡ ਰਹੇ ਸਾਹਮਣੇ ਘੜੀਸਾਜ਼ ਨੇ ਪਛਾਣ ਲਿਆ ਤੇ ਉਹ ਬੋਲਿਆ, ਵੇਖ ਉਏ ਸ਼ਰਮਾਂ ਅੱਜ ਤਾਂ ਆਂਟੀ ਵੀ ਜੀਨ ਪਾ ਕੇ ਨਿੱਖਰੀ ਫਿਰਦੀ ਏ। ਸ਼ਰਮਾਂ ਜੀ ਦੇ ਮੂੰਹ ਤੇ ਤਰੇਲੀ ਆ ਰਹੀ ਸੀ। ਜੀਅ ਕਾਹਲਾ ਪੈ ਰਿਹਾ ਸੀ ਕਿਉਂਕਿ ਆਂਟੀ ਹੋਰ ਕੌਈ ਨਹੀ ਸ਼ਰਮਾਂ ਜੀ ਦੀ ਵਹੁੱਟੀ ਸੀ ।ਮਿਸ ਸ਼ਰਮਾਂ ਜੀ ਆਉਂਦੇ ਹੀ ਅੰਗਰੇਜ਼ੀ ਵਿੱਚ ਬੋਲੀ,ਡੀਅਰ ਜੀ ਗੁੱਡ ਆਫਟਰਨੂਨ। ਤੁਹਾਡੇ ਲਈ ਲੰਚ ਲਿਆਈ ਸੀ ਤੇ ਨਾਲ ਠੰਡੀ ਲੱਸੀ ਜ਼ੀਰਾ ਪਾ ਕੇ।
                                            ******************
ਰਵੀ ਸਚਦੇਵਾ
ਮੈਲਬੋਰਨ (ਆਸਟੇ੍ਲੀਆ)


ਈਮੇਲ - ravi_sachdeva35@yahoo.com
ਮੋਬਾਇਲ ਨੰਬਰ - (0061-) 411365038 (ਆਸਟੇ੍ਲੀਆ)