Saturday, 19 November 2011

ਮਨਪ੍ਰੀਤ ਗੋਸਲ

ਹਾਲਾਤ
ਅੱਜ ਜੀਅ ਕਰਦਾ ਏ
ਆਪ੍ਣੇ ਮਨ ਨੂੰ ਦੇ ਦੇਵਾਂ ਨਾਮ
ਸਰਹਿੰਦ ਦੀ ਕੰਧ ਦਾ
ਜਿੱਥੇ ਜਿਉਂਦੇ ਜੀ ਨੀਹਾਂ ਵਿੱਚ ਚਿਣ ਦਿੱਤੇ ਗਏ
ਮੇਰੀਆਂ ਰੀਝਾਂ ,ਮੇਰੇ ਚਾਅ...

ਜੀਅ ਇਉਂ ਵੀ ਕਰਦਾ ਏ
ਕਿ ਆਪਣੀ ਅੱਖ ਨੂੰ ਦੇ ਦੇਵਾਂ ਨਾਮ
ਚ੍ਮ੍ਕੌਰ ਦੀ ਗੜ੍ਹੀ ਦਾ,
ਜਿਸ ਵਿੱਚ ਮੇਰੇ ਸੁਪਨੇ
ਹੱਕ ਦੀ ਖ਼ਾਤਿਰ ਲੜਦੇ ਲੜਦੇ ਸ਼ਹੀਦ ਹੋ ਗਏ

ਕਦੇ ਕਦੇ ਇਉਂ ਵੀ ਲਗਦਾ ਏ
ਕਿ ਆਪ੍ਣੇ ਰੋਮ ਰੋਮ ਦਾ ਨਾਂ ਹੀ
ਗੁਰੂ ਜੀ ਤੇ ਆਇਆ ਮਾੜਾ ਸਮਾਂ ਰੱਖ ਲਵਾਂ
ਕਿਉਂਕਿ
ਮੇਰੇ ਤਨ ’ਤੇ ਉਕੱਰਿਆ ਪਿਆ ਏ
ਜਫ਼ਰਨਾਮਾਂ ਤੇ ਬੇਦਾਵਾ ...
********************************

ਰੋਸ

ਐਥੇ ਕੋਣ ਮਰਦਾ ਹੈ ਕਿਸੇ ਦੀ ਲਈ...
ਇਹ ਤਾਂ ਅਸੀਂ ਹੀ ਹਾਂ...
ਜੋ ਭੇਜ ਦਿਨੇ ਆ..
ਆਪਣੇ ਬਾਪੂ ਨੂੰ ਚਾਂਦਣੀ ਚੌਂਕ..
ਸੀਸ ਲਹਾਉਣ ਖਾਤਰ...
ਕਿਸੇ ਲਈ....

ਮਨਪ੍ਰੀਤ ਗੋਸਲ

ਹਰਪ੍ਰੀਤ ਸਿੱਧੂ

ਨਸ਼ਿਆਂ ਚ’ ਡੁੱਬ ਗਈ ਜ਼ਵਾਨੀ ਮੇਰੇ ਦੇਸ਼ ਦੀ
ਪਤਾ ਨਹੀਂਓਂ ਕਹਿੜੀ ਪ੍ਰੇਸ਼ਾਨੀ ਮੇਰੇ ਦੇਸ਼ ਦੀ

ਛਿੰਝਾਂ ਮੇਲੇ ਗੁੰਮ ਹੋਏ ਲੋਹੜੀਆਂ ਤੇ ਧੂਣੀਆਂ
ਤ੍ਰਿਝੰਣਾਂ ਚੋਂ ਚਰਖ਼ੇ ਤੇ ਛਿੱਕੂ ਗੋਹੜੇ ਪੂਣੀਆਂ
... ਘਰ ਘਰ ਚੱਲ ਪਈ ਮਧਾਣੀ ਏ ਕਲੇਸ਼ ਦੀ
ਬਣ ਗਈ ਸੱਮਸਿਆ ਏ ਪਾਣੀ ਮੇਰੇ ਦੇਸ਼ ਦੀ

ਮੱਸਿਆ ਤੇ ਪੁੰਨਿਆਂ ਨੂੰ ਪੁਲ੍ਹਾਂ ਉੱਤੇ ਨ੍ਹੌਣਾ ਗਿਆ
ਬਾਣਾ ਦਿਆਂ ਮੰਜ਼ਿਆਂ ਤੇ ਕੋਠੇ ਉਤੇ ਸੌਣਾ ਗਿਆ
ਅੱਜ ਡਿਸਕੋ ਚ’ ਰੁਲ੍ਹੇ ਪਟਰਾਣੀ ਮੇਰੇ ਦੇਸ਼ ਦੀ
ਕੁੜੀ ਮਾਰ ਬਣ ਗਈ ਕਹਾਣੀ ਮੇਰੇ ਦੇਸ਼ ਦੀ

ਥੜ੍ਹਿਆਂ ਤੋਂ ਤਾਸ਼ ਅਤੇ ਭੱਠੀਆਂ ਤੋਂ ਦਾਣੇ ਗਏ
ਲ਼ੱਡੂ ਗੋਗਲੇ ਜਲੇਬੀਆਂ ਪਤੱਾਸੇ ਤੇ ਮਖਾਣੇ ਗਏ
ਸਿਆਸਤਾਂ ਨੇ ਖਾ ਲਈ ਜਿੰਦਗਾਨੀ ਮੇਰੇ ਦੇਸ਼ ਦੀ
ਅੱਜ ਫੈਸ਼ਨਾ ਨੇ ਪੱਟਤੀ ਜਨਾਨੀ ਮੇਰੇ ਦੇਸ਼ ਦੀ

ਮਨੁੱਖ ਵੀ ਨਾ ਰਹੇ ਓਹ ਮਨੁੱਖਤਾ ਵੀ ਮਰ ਗਈ
ਅਹਿਸਾਸ ਮਨੁੱਖ ਦੇ ਤੇ ਗਰਜ਼ ਕਾਬੂ ਕਰ ਗਈ
ਸਾਂਝਾਂ ਵਾਲੀ ਚਾਲ ਰੁਕੀ ਏ ਰਵਾਨੀ ਮੇਰੇ ਦੇਸ਼ ਦੀ
ਅੱਜ ਕਿੱਥੇ ਗਈ ਏ ਓਹੋ ਕੁਰਬਾਨੀ ਮੇਰੇ ਦੇਸ਼ ਦੀ

ਗੁਰ ਦੁਆਰੇ ਮੰਦਰ ਮਸੀਤਾਂ ਅੱਡੇ ਨੇ ਕਮਾਈ ਦੇ
ਕਿਸੇ ਦੂਜੇ ਮਜ੍ਹਬ ਦੇ ਲੋਕੀ ਏਥੇ ਨਹੀਂ ਬੁਲਾਈ ਦੇ
ਪੰਥ ਲੋਟੂਆਂ ਦੇ ਲਿਖਦੇ ਕਹਾਣੀ ਮੇਰੇ ਦੇਸ਼ ਦੀ
ਜ਼ਾਤਾਂ ਵਿੱਚ ਵੰਡੀ ਗਈ ਏ ਬਾਣੀ ਮੇਰੇ ਦੇਸ਼ ਦੀ

ਜਿੱਥੇ ਰਾੱਖੀ ਮਜ਼ਲੂਮਾਂ ਦੀ ਲਈ ਉੱਠੀ ਤਲਵਾਰ ਸੀ
ਜਿੱਥੇ ਗੁਰੁ ਪੀਰਾਂ ਬਖ਼ਸ਼ਿਆ ਰੂਹਾਂ ਨੂੰ ਪਿਆਰ ਸੀ
ਮਿਟ ਜਾਵੇ ਨਾ ਏ ਕਿਧਰੇ ਨਿਸ਼ਾਨੀ ਮੇਰੇ ਦੇਸ਼ ਦੀ
ਬਣ ਜਾਵੇ ਨਾ ਏ ਜੋਗੀਆ ਨਦਾਨੀ ਮੇਰੇ ਦੇਸ਼
    

Tuesday, 15 November 2011

ਬਿੰਨੀ ਬਰਨਾਲਵੀ



ਇੱਕ ਝੰਡੇ ਥੱਲੇ
ਬਿੰਨੀ ਬਰਨਾਲਵੀ 
ਮੇਰੇ ਵਿਚਾਰਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰਿਓ,
ਹੈ ਕੋਸ਼ਿਸ਼ ਕਰਨੀ ਤਾਂ ਵਿਚਾਰਾਂ ਤੇ ਚੱਲਣ ਦੀ ਕਰਿਓ।

ਅੱਜ ਕਲਮ ਨਾਲ ਹੀ 
ਕਾਗਜ਼ ਦੀ ਹਿੱਕ ਤੇ ਉਲੀਕ ਰਿਹਾਂ ਇਤਿਹਾਸ,
ਗੱਲ ਬਣੀ ਤਾਂ ਠੀਕ 
ਨਹੀਂ…………………

ਉਗਾਉਣੀਆਂ ਮੈਨੂੰ ਅਜੇ ਵੀ ਆਉਂਦੀਆਂ ਨੇ,
ਧਰਤੀ ਚੋਂ ਦਮੂੰਕਾਂ

ਮੈਂ ਜੀਣਾ ਨਹੀਂ ਚਾਹੁੰਦਾ ਪਾਲਤੂ ਕੁੱਤੇ ਦੀ ਤਰ੍ਹਾਂ,
ਗਲ ਪਟਾ ਪਵਾ ਕੇ ਪੂਛ ਹਿਲਾਉਂਦਾ-ਹਿਲਾਉਂਦਾ।
ਮੈਂ ਤਾਂ ਜੀਵਾਂਗਾ
ਖੁੱਲੇ ਸ਼ੇਰ ਵਾਂਗ
ਨਿਡਰ ਹੋ ਕੇ
'ਤੇ ਮਰਾਂਗਾ ਅਜਿਹੀ ਸੁਨਹਿਰੀ ਮੌਤ
ਕਿ ਯੁੱਗੜਿਆਂ ਤੱਕ ਮੇਰੀ ਜਿੰਦਗੀ ਦੇ ਫਲਸਫੇ ਪੜੇ ਜਾਣਗੇ।

ਅੱਜ ਤਾਂ ਇਹ ਚੁਟਕਲਾ ਹੈ ਤੁਹਾਡੇ ਹੱਸਣ ਲਈ,
ਪਰ ਜਦੋਂ ਕੱਲ੍ਹ ਆਵੇਗੀ ਤਾਂ ਰੋਣੋ ਵੀ ਮੁਨਕਰ ਹੋਵੋਂਗੇ।

ਜੇ ਚਾਹੁੰਦੇ ਹੋ ਇਕ ਮਹਾਨ ਜਿੰਦਗੀ ਜੀਣਾ,
ਗੁਲਾਮੀ ਦੇ ਜੂਲ਼ੇ ਨੂੰ ਲਾਹੁਣਾ,
ਬੱਚਿਆਂ ਲਈ ਉੱਜਲਾ ਭਵਿੱਖ,
ਢਿੱਡ ਦੀਆਂ ਸੁੱਕ ਚੁੱਕੀਆਂ ਆਂਦਰਾਂ ਲਈ,
ਗਿੱਲੀ ਰੋਟੀ,
ਸਿਰ ਤੇ ਬੱਠਲ ਚੁੱਕਦਿਆਂ,
ਕੜ-ਕੜ ਕਰਦੀਆਂ ਹੱਡੀਆਂ ਨੂੰ ਸੁਰ ‘ਚ ਪਿਰੌਣਾ,
ਸੁੱਖ ਦੇ ਵਿਯੋਗ ‘ਚ ਨਿਕਲੇ ਹੰਝੂਆਂ ਨਾਲ,
ਖੇਤਾਂ ਨੂੰ ਸਿੰਜਣਾ,

ਤਾਂ ਕਰਨੇ ਪੈਣਗੇ ਉੱਚੇ ਕੰਮ
ਸਿਰ ਉੱਚਾ,
ਬਾਂਹ ਉੱਚੀ,
ਆਵਾਜ ਉੱਚੀ,
ਸੋਚ ਉੱਚੀ,
ਤੇ ਹੋਣਾ ਪਵੇਗਾ ਇਕ ਝੰਡੇ ਥੱਲੇ ਇਕੱਠਾ,
ਇਕ ਝੰਡੇ ਥੱਲੇ      

-ਬਿੰਨੀ ਬਰਨਾਲਵੀ

Monday, 14 November 2011

ਮਨੀ ਮਹਿਰਾਜ

ਇਲਜਾਮ
ਵਿਆਹ ਦੀ ਖੁਸ਼ੀ ਵਿੱਚ
ਮਹਿਮਾਨ ਬੁਲਾਏ ਜਾਂਦੇਂ ਨੇ
ਜਾਮਾਂ ਵਿੱਚ ਪਾਕੇ
ਜਾਮ ਪਿਆਏ ਜਾਂਦੇ ਨੇ
ਠੇਕੇ ਤੇ ਪੀਣ ਵਾਲਿਆਂ ਨੂੰ
ਕੋਈ ਨਹੀਂ ਪੁੱਛਦਾ
ਅੱਖਾਂ ਚੋਂ ਪੀਣ ਵਾਲਿਆਂ ਤੇ
ਲੱਖਾਂ ਇਲਜਾਮ ਲਗਾਏ ਜਾਂਦੇ ਨੇ .......??? 
***********************************

ਸਮਾਂ

ਸਮਾਂ ਬਦਲ ਗਿਆ ਤੇ ਇਹਦੇ ਤੌਰ ਬਦਲ ਗਏ 

ਹਾਕਮ ਸਰਕਾਰਾਂ ਵਲੋਂ ਹੁਣ ਗੌਰ ਬਦਲ ਗਏ

'ਮਨੀ ਮਹਿਰਾਜ' ਮੁੜ ਤੋਂ ਇੱਕ ਜੁੱਟ ਹੌਣ ਲਈ

ਲੱਗਦਾ ਏ ''ਦਿੱਲੀ'' ਤੇ ''ਲਾਹੋਰ '' ਬਦਲ ਗਏ
ਮਨੀ ਮਹਿਰਾਜ

ਗੁਰਜੀਤ ਜਟਾਣਾ

ਅਸਤ ਹੋ ਰਿਹਾ 
ਉਥੋਂ ਫੁੱਟਣ ਵਾਲੀ ਹਰ ਕਿਰਨ
ਮੇਰੇ ਲਈ ਨਿੱਤ ਨਵਾਂ
ਸੁਨੇਹਾ ਲੈ ਕੇ ਆਉਂਦੀ ਏ
ਮੈਂ ਵਰ੍ਹਿਆਂ ਤੋਂ
ਸਿਰ ਝੁਕਾਉਂਦਾ ਆ ਰਿਹਾਂ
ਤੇਰੇ ਮਹਿਲ
ਤੇ ਮਹਿਲ ਤੋਂ ਉਗਦੇ ਸੂਰਜ ਨੂੰ
ਤੂੰ ਵੀ ਕੁਝ ਕਰ
ਜੇ ਕੁਝ ਕਰਨ ਦਾ
ਹਾਲੇ ਤੇਰਾ ਮੂਡ ਨਹੀਂ
ਤਾਂ ਅੱਡੀਆਂ ਚੁੱਕ ਕੇ ਵੇਖ
ਤੈਨੂੰ ਵਿਹੜੇ ਵਿਚੋਂ ਹੀ ਦਿਖ ਜਾਵੇਗਾ
ਖੁੜਸੁੱਕ ਕਿੱਕਰ ਵਿਚ ਦੀ
ਅਸਤ ਹੋ ਰਿਹਾ, ਡੁੱਬ ਰਿਹਾ
ਮੇਰੀ ਜਿੰਦਗੀ ਦਾ ਸੂਰਜ .

ਗੁਰਜੀਤ ਜਟਾਣਾ

ਸ਼ਿਵਚਰਨ ਜੱਗੀ ਕੁੱਸਾ


ਹੁਣ ਮੈਂ, ਸਿੱਖ ਲਿਆ
ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ!
ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ,
ਤੇ ਲੈਣੇਂ ਫ਼ੋਕੇ ਸੁਪਨੇ!
ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ,
ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ!
ਜਿੰਨੀ ਆਸ ਰੱਖੀ 'ਗ਼ੈਰਾਂ' 'ਤੇ,
ਦਿਲ ਵਿਚ ਨਿਰਾਸ਼ਾ ਦੀ,
ਪਰਲੋਂ ਹੀ ਆਈ!

ਮਨ ਦੀ ਦੇਹਲ਼ੀ ਖ਼ੁਰਦੀ ਗਈ,
ਧਰਵਾਸ ਅਤੇ ਤਾਹਨਿਆਂ ਦੀਆਂ ਛੱਲਾਂ ਨਾਲ਼!
ਹੁਣ ਤਾਂ ਸਬਰ ਦਾ ਪਾਣੀ ਵੀ,
ਦਿਲ ਦੇ ਵਿਹੜੇ ਵੜਿਆ!
ਜ਼ਿੰਦਗੀ ਦੇ ਸਫ਼ਰ ਵਿਚ,
ਨਾ ਚਾਹੁੰਦਿਆਂ ਵੀ, ਅਪਨਾਉਣੇ ਪਏ,
ਕੰਡਿਆਲ਼ੇ ਰਾਹ!
ਤੇ 'ਵਜਾਉਣੇ' ਪਏ ਗਲ਼ ਪਏ ਢੋਲ,
ਤੇ ਨਿਭਾਉਣੇ ਪਏ 'ਅਣ-ਸਿਰਜੇ' ਰਿਸ਼ਤੇ!
ਚਾਹੇ ਕਦਮ-ਕਦਮ 'ਤੇ,
ਲਹੂ-ਲੁਹਾਣ ਹੁੰਦਾ ਰਿਹਾ,
ਪਰ ਅਣਮੰਨੇ ਰਿਸ਼ਤੇ ਦਾ ਜੂਲ਼ਾ,
ਚੁੱਕੀ ਰੱਖਿਆ ਆਪਣੇ ਮੋਢਿਆਂ 'ਤੇ!
ਮਿੱਧਦਾ ਤੁਰਿਆ ਗਿਆ,
ਆਪਣੇ ਅਰਮਾਨਾਂ ਦੇ ਮਲਬੇ ਨੂੰ!
ਮੇਰੀ ਜ਼ਿੰਦਗੀ ਵਿਚ ਆਏ ਇਸ ਰਿਸ਼ਤੇ ਵਿਚ,
ਮੋਹ ਅਤੇ ਅਪਣੱਤ ਦੀ ਅਣਹੋਂਦ ਸੀ,
ਸਿਰਫ਼ ਖ਼ੁਦਗਰਜ਼ੀ, ਸਿਆਸਤ ਅਤੇ ਮਤਲਬ-ਪ੍ਰਸਤੀ ਦੀ
ਸੜੇਹਾਂਦ ਸੀ!
ਜਦ ਹੁਣ ਸੁੱਕ-ਸੜ ਕੇ,
ਬਦਬੂ ਮਾਰ ਰਹੀਆਂ ਨੇ ਮੇਰੀਆਂ ਸਧਰਾਂ,
ਤਾਂ ਉਸ ਨੂੰ ਮੇਰੀ 'ਨਲਾਇਕੀ' ਦਾ ਨਾਂਮ ਦੇ ਕੇ,
ਜਨਾਜਾ ਕੱਢਿਆ ਜਾ ਰਿਹੈ!
ਵਜਾਏ ਜਾਂਦੇ ਨੇ ਮੇਰੇ ਕੰਨਾਂ ਵਿਚ ਢੋਲ਼ ਅਜੇ ਵੀ,
ਸ਼ੋਸ਼ਿਆਂ ਦੇ!
ਪਰ ਮੇਰਾ ਬਾਗ਼ੀ ਹੋਇਆ ਮਨ,
ਇਹਨਾਂ ਵਿਚ ਪਰਚਦਾ ਨਹੀਂ!



ਅਮਰਦੀਪ ਸਿੰਘ ਗਿੱਲ

ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ!

ਤੂੰ ਆਦਤ ਤੋਂ ਮਜਬੂਰ ਬੜੀ ,
ਹੈਂ ਸਦੀਆਂ ਤੋਂ ਮਗਰੂਰ ਬੜੀ ,
ਕਦੇ ਸਾਡੇ ਹੱਕ ਵਿੱਚ ਤੂੰ ਇਨਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ !
ਅਸੀਂ ਵੀ ਦਿੱਲੀਏ........................
ਟਾਇਰ ਗਲਾਂ ਵਿੱਚ ਪਾਏ ਨੀ ਤੂੰ ਲਾਹ ਕੇ ਪੱਗਾਂ ਨੂੰ ,
ਘਰ ਬਾਲ ਕੇ ਸਾਡੇ ਆਪ ਤੂੰ ਸੇਕਿਆ ਅੱਗਾਂ ਨੂੰ ,
ਏਸ ਰਾਖ ਨੂੰ ਮਜ਼ਲੂਮਾਂ ਨੇ ਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................
ਆਪਣੇ ਤਾਜ ਤਖਤ ਲਈ ਸੌਦੇ ਕਰਦੀ ਰਹਿੰਨੀ ਏ ,
ਸਾਡੀਆਂ ਜਾਨਾਂ ਇਵਜ਼ਾਨੇ ਵਿੱਚ ਭਰਦੀ ਰਹਿੰਨੀ ਏ ,
ਤੂੰ ਤਾਂ ਕੁੱਝ ਵੀ ਦੋਸ਼ੀਆਂ ਦੇ ਖਿਲਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................
ਪੀੜ ਜਵਾਨੀ ਟੱਪ ਕੇ ਛੱਬੀ ਸਾਲ ਦੀ ਹੋ ਗਈ ਏ
ਹੋਰ ਵੀ ਸੰਘਣੀ ਡੱਬੀ ਤੇਰੇ ਜਾਲ ਦੀ ਹੋ ਗਈ ਏ ,
ਪਾਣੀ ਅੱਗ ਬਣਾਉਣਾ ਏ ''ਗਿੱਲ'' ਭਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ....................!
ਅਮਰਦੀਪ ਸਿੰਘ ਗਿੱਲ