Monday 21 November 2011

ਹਰਮੇਲ ਪਰੀਤ

ਸਵਾਲ
ਤੂੰ ਪੁੱਛਦੈਂ
ਤੂੰ ਮੇਰੇ ਲਈ ਕੀ ਏਂ?
ਝੱਲਾ ਨਹੀਂ ਜਾਣਦਾ
ਮੁਹੱਬਤ ਵਿੱਚ
ਏਹੋ ਜਿਹੇ ਸਵਾਲਾਂ ਦਾ
ਕੋਈ ਵਜ਼ੂਦ ਨਹੀਂ ਹੁੰਦਾ।
ਵੈਸੇ ਵੀ
ਕੁੱਝ ਗੱਲਾਂ
ਦੱਸਣ ਵਾਲੀਆਂ ਨਹੀਂ
ਮਹਿਸੂਸ ਕਰਨ ਵਾਲੀਆਂ ਹੁੰਦੀਐਂ।
ਕੁੱਝ ਸਵਾਲ ਐਸੇ ਹੁੰਦੇ ਨੇ
ਜਿੰਨਾਂ ਦੇ ਜਵਾਬਾਂ ਨੂੰ
ਸ਼ਬਦ ਮੇਚ ਨਹੀਂ ਆਉਂਦੇ।
ਪਰ ਜੇ ਤੂੰ
ਪੁੱਛ ਹੀ ਲਿਐ
ਤਾਂ ਸੁਣ
ਮੈਂ ਤੇਰੇ ਬਿਨਾਂ ਕੁੱਝ ਨਹੀਂ । 

ਹਰਮੇਲ ਪਰੀਤ
9417333316

ਸਤਵੰਤ ਸਿੰਘ ਗਰੇਵਾਲ

ਕਿਨ੍ਹਾਂ ਖ਼ਤਰਨਾਕ ਦਿ੍ਸ਼ ਹੈ

ਕਿਨ੍ਹਾਂ ਖ਼ਤਰਨਾਕ ਦਿ੍ਸ਼ ਹੈ
ਮੇਰੇ ਅੱਖਾਂ ਸਾਹਮਣੇ ਸਾਗਰ'ਚ ਡੁੱਬ ਰਹੀ ਹੈ
ਉਹ ਬੇੜੀ ਜਿਸ ਦਾ ਮੈਂ ਆਪ ਹੀ ਮਲਾਹ ਹਾਂ ।

ਮੈਂ ਜੋ ਅੱਜ ਹਾਂ ਨਹੀਂ ਰਹਾਗਾਂ ਕੱਲ੍ਹ
ਸੱਭ ਕੁੱਝ ਡੁੱਬ ਜਾਵੇਗਾ ਬੇੜੀ ਨਾਲ
ਇਲਮ ਇਮਾਨ ਇਸ਼ਾਵਾਂ ।

ਦਰਵੇਸ਼ ਦਿਲ : ਕਈ ਦਿਸ਼ਾਵਾਂ'ਚ ਪੋਰੀ-ਪੋਰੀ ਹੋ ਚੁੱਕਾ
ਮੁਮਕਿਨ ਨਹੀਂ : ਇੱਕ ਕਬਰ ਵਿੱਚ ਦਫ਼ਨ ਹੋ ਸਕੇ
ਕਿੱਥੇ-ਕਿੱਥੇ ਉਗ ਸਕੇਗੀ ਤੂੰ ਗੁਲਾਬ ਬਣ ਕੇ
ਤੇਰੇ ਤੌਂ ਬਿਨ੍ਹਾਂ ਮੇਰਾ ਕੋਈ ਘਰ-ਘਾਟ ਨਹੀਂ ।

ਮੈਂ ਚੀਕਦਾ ਹਾਂ ਹੁਣ ਤੇਰੀ ਗੈਰਹਾਜ਼ਰੀ ਤੇ ਹੌਂਦ ਵਿੱਚ ਵੀ
ਜਿਵੇਂ ਅੱਜ ਅਰਥ ਮਿਲ ਗਏ ਹੋਣ
ਅਵਾਰਾ ਬਦ-ਦੁਆਵਾਂ ਨੂੰ
ਤੇ ਮੇਰਾ ਪਿਆਰ ਮੇਰੇ ਲਈ ਦੁਰਸੀਸ ਬਣ ਚੁੱਕਾ ਹੈ ।

ਸਤਵੰਤ ਸਿੰਘ ਗਰੇਵਾਲ

ਸੁਰਜੀਤ ਗੱਗ

ਬਾਂਝ ਕਲਮਾਂ
 
ਨਹੀਂ
ਕਲਮਾਂ ਕਦੇ ਬਾਂਝ ਨਹੀਂ ਹੁੰਦੀਆਂ
ਪਰ ਕੁੱਝ ਕਲਮਾਂ
ਕਾਗਜ਼ਾਂ ਦਾ ਗਰਭਪਾਤ ਕਰਨ ਲਈ ਹੀ
ਭੋਗ ਕਰਦੀਆਂ ਨੇ
ਕਾਗਜ਼ਾਂ ਨਾਲ ਜ਼ਬਰਦਸਤੀ ਕਰਦੀਆਂ ਨੇ
ਤੇ ਜਨਮਦੀਆਂ ਨੇ
ਪੋਲੀਓ ਦੇ ਮਾਰੇ ਹੋਏ
ਅੱਖਰ
ਜੋ ਚੱਲਣ ਲੱਗੇ ਲੜਖੜਾਉਂਦੇ ਨੇ
ਤੇ ਪਾਠਕਾਂ ਨੂੰ ਬਣਾਉਂਦੇ ਨੇ
ਅਧਰੰਗ ਦੇ ਮਰੀਜ਼
ਇੱਕ ਸੰਤੁਲਿਤ ਵਾਤਾਵਰਨ ਸਿਰਜਣ ਤੋਂ
ਅਸਮਰੱਥ
ਇਨ੍ਹਾਂ ਫੰਡਰ ਕਲਮਾਂ ਦਾ
ਬਾਂਝ ਹੋ ਜਾਣਾ ਹੀ
ਸਮਾਜ ਦੇ ਹਿਤ ਵਿੱਚ ਹੈ
ਉੰਝ ਕਲਮਾਂ ਕਦੇ ਬਾਂਝ ਨਹੀਂ ਹੁੰਦੀਆਂ
ਪਰ ਇਨ੍ਹਾਂ ਦੀ ਕੁੱਖੋਂ
ਕਪੂਤ ਵੀ ਉੱਗ ਪੈਂਦੇ ਨੇ
ਤੇ ਬਦਕਾਰਾਂ ਵੀ
ਉੰਝ ਕਲਮਾਂ ਕਦੇ ਬਾਂਝ ਨਹੀਂ ਹੁੰਦੀਆਂ

ਸੁਰਜੀਤ ਗੱਗ

ਪ੍ਰਭਜੋਤ ਕੌਰ


ਮੈਂ ਤਾਂ ਕਣਕ ਸਾਂ

ਮੇਰੇ ਪਿਆਰ ਦਾ ਮੁੱਲ ਜਦ ਨਾ ਪਿਆ
ਮੈਂ ਮਰਨਾ ਲੋਚਿਆ
ਜਦ ਪਿਆਰ ਦਾ ਮੁੱਲ ਪਿਆ
ਤਾਂ ਜੀਣਾ ਲੋਚਿਆ  
ਅੱਜ ਦੀ ਸਥਿਤੀ ਚੱਕੀ ਬਣ ਗਈ
ਤੇ ਮੈਂ ਦੋ ਪੁੜਾਂ ਵਿਚਕਾਰ ਕਣਕ ਬਣ ਗਈ
ਕੋਈ ਛੱਡਣਾ ਚਾਹੁੰਦਾ ਸੀ
ਕੋਈ ਨੇੜਤਾ ਵਧਾਉਂਦਾ ਸੀ
ਮੇਰੀ ਸਾਰ ਕਿਸੇ ਨਾ ਲਈ
ਕਿਉਕਿ ਮੈਂ ਤਾਂ ਕਣਕ ਸਾਂ
ਪਰ ਹੁਣ ਪਿਸ ਕੇ ਆਟਾ ਬਣ ਗਈ !!

ਪ੍ਰਭਜੋਤ ਕੌਰ 

Sunday 20 November 2011

ਮਨਦੀਪ ਖੁਰਮੀ ਹਿੰਮਤਪੁਰਾ

ਆਤਮ ਹੱਤਿਆ ਨਹੀਂ..... ਪ੍ਰਾਪਤੀ ਦੇ ਰਾਹ ਪੈ ਵੇ ਲੋਕਾ

ਪਿਆਰੇ ਪੰਜਾਬ ਤੋਂ ਆਉਂਦੀ ਹਰ ਠੰਢੀ ਤੱਤੀ ਹਵਾ ਅਖਬਾਰਾਂ ਰਾਹੀਂ ਮਨ ਉੱਪਰ ਆਪਣਾ ਅਸਰ ਕਰਦੀ ਰਹਿੰਦੀ ਹੈ। ਰਾਜਨੀਤੀਵਾਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਕੁੱਤ ਪੋਹ ਤੋਂ ਲੈ ਕੇ ਕਤਲਾਂ,
ਲੁੱਟਾਂ ਖੋਹਾਂ ਜਾਂ ਫਿਰ ਥਾਂ ਥਾਂ ਨਾਅਰੇ ਮਾਰਦੇ ਲੋਕਾਂ ਦੀਆਂ ਖਬਰਾਂ ਹੀ ਪੜ੍ਹਨ ਨੂੰ ਮਿਲਦੀਆਂ ਨੇ। ਹਰ ਰੋਜ ਅਖਬਾਰ ਦੀ ਪਹਿਲੀ ਸੁਰਖੀ ਦੇਖਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਇਹੀ ਅਰਦਾਸ ਹੁੰਦੀ ਹੈ ਕਿ "ਹੇ ਮਾਲਕਾ! ਖੈਰ ਸੁੱਖ ਹੋਵੇ.... ਬਰੂਦ ਦੇ ਢੇਰ 'ਤੇ ਬਿਠਾਏ ਪੰਜਾਬ 'ਚ..!" ਪਰ ਹਰ ਰੋਜ਼ ਹੀ ਅਰਦਾਸ ਵੀ ਨਿਸਫਲ ਹੋ ਜਾਂਦੀ ਐ ਜਦੋਂ ਕਿੱਧਰੇ ਕਤਲ ਹੋਇਆ ਸੁਣੀਂਦੈ, ਕਿੱਧਰੇ ਕਿਸੇ ਨੂੰ ਅਗਵਾ ਕਰਕੇ ਫਿਰੌਤੀ ਮੰਗੀ ਸੁਣੀਂਦੀ ਐ, ਕਿੱਧਰੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਸਰਕਾਰੀ ਦੱਬੇ ਦੀ ਖ਼ਬਰ ਸੁਣੀਂਦੀ ਐ ਤੇ ਕਿਧਰੇ ਨਵਜੰਮੀ ਬਾਲੜੀ ਦੇ ਗੰਦੇ ਨਾਲੇ ਆਦਿ 'ਚੋਂ ਮਿਲੇ ਭਰੂਣ ਬਾਰੇ ਖ਼ਬਰ ਸੁਣੀਂਦੀ ਐ..! ਕੀ ਹੋ ਗਿਐ ਪੰਜਾਬ ਨੂੰ? ਕਿਸ ਮਾਰੂ ਰੋਗ ਨੇ ਮਾਰ ਲਿਐ ਗੁਲਾਬ ਦਾ ਫੁੱਲ? ਕਿਹਨਾਂ ਦੀਆਂ ਬਦਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ ਲੋਕ? ਕਿਉਂ ਲੋਕ ਸੰਘਰਸ਼ਾਂ ਦਾ ਰਾਹ ਛੱਡਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ? ਕਿਉਂ... ਕਿਉਂ.... ਕਿਉਂ?
ਇਹਨਾਂ ਸਵਾਲਾ ਦੇ ਜਵਾਬ ਮਨ ਨੂੰ ਅਜੀਬ ਜਿਹੀ ਘੁੰਮਣਘੇਰੀ 'ਚ ਪਾ ਦਿੰਦੇ ਨੇ। ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਬਾਰੇ ਸੁਣਿਆ ਸੀ ਪਰ ਹੁਣ ਤਾਂ ਪੰਜਾਬ ਦੇ ਜਾਏ ਸੰਘਰਸਾਂ ਦਾ ਰਾਹ ਤਿਆਗ ਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ। ਚਾਹੇ ਕੋਈ ਈ. ਜੀ. ਐੱਸ. ਵਰਕਰ ਹੋਵੇ ਜਾ ਈ.ਟੀ.ਟੀ. ਹੋਵੇ, ਬੀ. ਐੱਡ. ਅਧਿਆਪਕ ਹੋਵੇ ਜਾਂ ਫਿਰ ਕੋਈ ਹੋਰ ਹੋਵੇ ਜੋ ਅੱਖਰ ਗਿਆਨ ਹਾਸਲ ਕਰਕੇ ਨੌਕਰੀ ਲੈਣ ਤੱਕ ਪੁੱਜਾ ਹੋਵੇ... ਸਭ ਨੂੰ ਇੰਨਾ ਕੁ ਤਾਂ ਗਿਆਨ ਹੋਵੇਗਾ ਹੀ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਂਦੀ। ਕੀ ਕਿਸੇ ਨੇ ਇਹ ਸੁਣਿਆ ਹੈ ਕਿ ‘ਮਰੇ ਬਿਨਾਂ ਮਾਂ ਦੁੱਧ ਨਹੀਂ ਪਿਆਉਂਦੀ?’..... ਇਹ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਰਕਾਰਾਂ ਤੋਂ ਕੁਝ ਲੈਣਾ ਹੈ ਤਾਂ ਸੰਘਰਸ਼ ਹੀ ਇੱਕੋ ਇੱਕ ਰਾਹ ਹੈ ਜਿਸਦੇ ਜ਼ਰੀਏ ਖੁਦ ਅਤੇ ਦੂਜਿਆਂ ਨੂੰ ਕੁਝ ਹਾਸਲ ਹੋ ਸਕਦਾ ਹੈ।
ਖੁਦ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਕਿੱਥੋਂ ਕੁ ਦੀ ਸਿਆਣਪ ਹੈ? ਪੰਜਾਬ ਵਿੱਚ ਹੱਕਾਂ ਦੀ ਪ੍ਰਾਪਤੀ ਲਈ ਜੂਝ ਰਹੇ ਵੀਰੋ, ਭੈਣੋ ਇਤਿਹਾਸ ਗਵਾਹ ਹੈ ਕਿ ਹੱਕ ਸੰਘਰਸ਼ ਕਰਿਆਂ ਹੀ ਪ੍ਰਾਪਤ ਹੋਏ ਹਨ। ਜੇ ਦੇਸ਼ ਦੇ ਆਜਾਦੀ ਸੰਗਰਾਮ ਵੇਲੇ ਵੀ ਗਦਰੀ ਬਾਬੇ, ਕਰਤਾਰ ਸਰਾਭਾ, ਭਗਤ ਸਿੰਘ, ਊਧਮ ਸਿੰਘ ਆਦਿ ਤੁਹਾਡੇ ਵਾਲੇ ‘ਖੁਦਕੁਸ਼ੀ ਮਾਰਕਾ ਫਾਰਮੂਲੇ’ ਵਰਤਣ ਲੱਗਦੇ ਤਾਂ ਸ਼ਾਇਦ ਹੀ ਐਡੀ ਤਕੜੀ ਲਾਮਬੰਦੀ ਹੋਣੀ ਸੀ ਕਿਉਂਕਿ ਲਾਮਬੰਦੀ ਕਰਨ ਵਾਲਿਆਂ ਨੇ ਤਾਂ ਪਹਿਲਾਂ ਹੀ ਖੁਦ ਨੂੰ ਅੱਗ ਲਾ ਕੇ ਸੜ ਮਰਨਾ ਸੀ। ਬੜਾ ਦੁਖੀ ਕੀਤਾ ਈ. ਜੀ. ਐੱਸ. ਵਲੰਟੀਅਰ ਭੈਣ ਕਿਰਨਜੀਤ ਕੌਰ ਦੀ ਮੌਤ ਨੇ... ਉਸ ਤੋਂ ਵੀ ਵਧੇਰੇ ਦੁੱਖ ਉਦੋਂ ਹੋਇਆ ਜਦੋਂ ਪੜ੍ਹੇ ਲਿਖੇ ਵਰਗ ਦੇ ਫੂਹੜ ਆਗੂ ਦਾ ਦੂਜੇ ਦਿਨ ਹੀ ਅਖਬਾਰੀ ਬਿਆਨ ਪੜ੍ਹਿਆ ਕਿ ‘ਕਿਰਨਜੀਤ ਵਾਂਗ ਕੁਰਬਾਨੀ ਲਈ ਹੋਰ ਵੀ ਬਹੁਤ ਤਿਆਰ ਹਨ।’ ਅਜਿਹੇ ਬਿਆਨ ਖਾਸ ਕਰਕੇ ਅਧਿਆਪਕ ਵਰਗ ਦੇ ਮੂੰਹੋਂ ਨਿਕਲਣੇ ਹੀ ਦਰਸਾ ਦਿੰਦਾ ਹੈ ਕਿ ਭਵਿੱਖ ਦੇ ਨੇਤਾਵਾਂ ਨੂੰ ਉਹ ਕਿਹੋ ਜਿਹੀ ਨਰੋਈ ਸੇਧ ਦੇ ਦੇਣਗੇ। ਖੁਦਕੁਸ਼ੀਆਂ ਰਾਹੀਂ ਆਪਣੇ ਹੱਕ ਲੈਣ ਦੇ ਭੁਲੇਖੇ ਵਿੱਚ ਵਿਚਰ ਰਹੇ ਮੇਰੇ ਵੀਰ ਭੈਣਾਂ ਕੀ ਆਪਣੇ ਚੇਲੇ ਬਾਲਕਿਆਂ ਨੂੰ ਵੀ ਇਹੀ ਸਿੱਖਿਆ ਦੇਣਗੇ ਕਿ ਜਦੋਂ ਤੁਹਾਡੀ ਗੱਲ ਨਾ ਸੁਣੀ ਜਾਂਦੀ ਹੋਵੇ ਤਾਂ ਚੁੱਕੋ ਮਿੱਟੀ ਦੇ ਤੇਲ ਦੀ ਬੋਤਲ, ਪਿੰਡੇ ‘ਤੇ ਛਿੜਕੋ ਤੇ ਲਾਓ ਤੀਲੀ....? ਘੱਟੋ ਘੱਟ ਇਹੋ ਜਿਹਾ ਰੁਝਾਨ ਇੱਕ ਪੜ੍ਹੇ ਲਿਖੇ ਵਰਗ ਦੇ ਜਿਹਨ ਦਾ ਹਿੱਸਾ ਬਣਨਾ ਦੇਸ਼ ਦੇ ਸਿੱਖਿਆਤੰਤਰ ਦੀਆਂ ਜੜ੍ਹਾਂ ਵਿੱਚ ਘੁਣ ਨਹੀਂ ਤਾਂ ਹੋਰ ਕੀ ਕਿਹਾ ਜਾਵੇਗਾ? ਇੱਕ ਅਧਿਆਪਕ ਤੋਂ ਨਰੋਏ ਸਮਾਜ ਦੀ ਸਥਾਪਨਾ ਦੀ ਆਸ ਰੱਖੀ ਜਾਂਦੀ ਹੈ, ਪਰ ਖੁਦਕੁਸ਼ੀਆਂ ਦੇ ਡਰਾਵੇ ਜਾਂ ਖੁਦਕੁਸ਼ੀਆਂ ਕਰ ਕੇ ਅਧਿਆਪਕ ਬਣਿਆਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਆਪਣੀ ਹੱਕੀ ਆਵਾਜ ਸੁਣਾਉਣ ਲਈ ਉੱਚੀਆਂ ਥਾਵਾਂ ਦੀ ਲੋੜ ਨਹੀਂ ਹੁੰਦੀ ਸਗੋਂ ਨਿੱਗਰ ਦਲੀਲਾਂ, ਬੁਲੰਦ ਹੌਸਲਿਆਂ ਅਤੇ ਆਤਮ ਵਿਸ਼ਵਾਸ ਦੀ ਲੋੜ ਹੁੰਦੀ ਹੈ ਨਾ ਕਿ ਪਾਣੀ ਵਾਲੀਆਂ ਟੈਂਕੀਆਂ ਦੀ। ਆਪਣੀਆਂ ਮੰਗਾਂ ਮਨਵਾਉਣ ਲਈ ਕਿੰਨਾ ਉਚਿਤ ਸਾਧਨ ਲੱਭਿਆ ਹੈ ਪੰਜਾਬ ਦੇ ਪੜ੍ਹੇ ਲਿਖੇ ਵਰਗ ਨੇ...... ਉਹ ਨੇ ਪਾਣੀ ਵਾਲੀਆਂ ਟੈਂਕੀਆਂ। ਕਦੇ ਕੋਈ ਅਧਿਆਪਕ ਟੈਂਕੀ ‘ਤੇ ਚੜ੍ਹ ਜਾਂਦੈ ਤੇ ਕਦੇ ਦੇਖਾ ਦੇਖੀ ਬੇਰੁਜ਼ਗਾਰ ਲਾਈਨਮੈਨ ਟੈਂਕੀ ‘ਤੇ ਜਾ ਚੜ੍ਹੇ। ਵਾਹ ਬਈ ਵਾਹ! ਸੰਘਰਸ਼ ਨੂੰ ਹੀ ਕਿੰਨਾ ਹਾਸੋਹੀਣਾ ਬਣਾ ਦਿੱਤੈ ਸਾਡੇ ਪੜ੍ਹੇ ਲਿਖੇ ਸੰਘਰਸ਼ਸੀਲਾਂ ਨੇ... ਜਿਹਨਾਂ ਨੇ ਸੰਘਰਸ਼ਾਂ ਨੂੰ ਹੀ ਖੁਦਕੁਸ਼ੀਆਂ ਦਾ ਮੁਲੰਮ੍ਹਾ ਚਾੜ੍ਹ ਦਿੱਤੈ।ਕਿੰਨੀ ਸ਼ਰਮ ਦੀ ਗੱਲ ਹੈ ਕਿ ਪੜ੍ਹਿਆ ਲਿਖਿਆ ਵਰਗ ਆਪਣੀਆਂ ਮੰਗਾਂ 'ਮੰਨਵਾਉਣ' ਲਈ ਗਾਹੇ-ਵਗਾਹੇ ਪਾਣੀ ਵਾਲੀਆਂ ਟੈਂਕੀਆਂ ਲੱਭਣ ਦੇ ਕਿੱਤੇ 'ਚ ਉਲਝਿਆ ਹੋਇਆ ਹੈ। ਹੋਸ਼ ਕਰੋ ਓਏ ਮਾਂ ਦਿਓ ਮਲਾਈ ਖਾਣਿਉ!ਲੋਕ ਤੁਹਾਡੇ ਇਸ ਫਾਰਮੂਲੇ ਦੇ ਸੰਬੰਧ 'ਚ ਤੁਹਾਡਾ ਸਾਥ ਨਹੀਂ ਦੇਣਗੇ ਸਗੋਂ ਤਾੜੀਆਂ ਮਾਰ ਮਾਰ ਹੱਸਦੇ ਹਨ। ਥੋਨੂੰ ਕੌਣ ਸਮਝਾਵੇ ਕਿ ਖੁਦਕੁਸ਼ੀਆਂ ਰਾਹੀਂ ਜਿੰਦਗੀ ਤੋਂ ਛੁਟਕਾਰਾ ਪਾਉਣ ਨਾਲੋਂ ਸੰਘਰਸ਼ਾਂ ਰਾਹੀਂ ਹੱਕ ਪ੍ਰਾਪਤ ਕਰਕੇ ਸ਼ਾਨ ਨਾਲ ਹਿੱਕ ਚੌੜੀ ਕਰਕੇ ਜਿਉਣ ‘ਚ ਜੋ ਮਜ਼ਾ ਹੈ, ਉਹ ਮਿੱਟੀ ਦੇ ਤੇਲ ਨਾਲ ਖੁਦ ਨੂੰ ਅੱਗ ਲਾ ਕੇ ਨਹੀਂ। ਉਮੀਦ ਹੈ ਕਿ ਮੇਰੇ ਸੋਹਣੇ ਪੰਜਾਬ ਦਾ ਸਿਆਣਾ ਵਰਗ ਇਸ ਰੁਝਾਨ ਨੂੰ ਸ਼ਹਿ ਦੇਣ ਨਾਲੋਂ ਆਪਣੇ ਹੱਥਾਂ ਨੂੰ ਨਾਅਰਿਆਂ ਰਾਹੀਂ ਆਵਾਜ਼ ਬੁਲੰਦ ਕਰਨ ਦੇ ਆਹਰ ਲਾਵੇਗਾ ਨਾ ਕਿ ਮਿੱਟੀ ਦੇ ਤੇਲ ਦੀ ਬੋਤਲ ਜਾਂ ਤੀਲੀ ਫੜ੍ਹਨ ਲਈ..! ਅਕਸਰ ਹੀ ਕਿਹਾ ਜਾਂਦੈ ਕਿ ਜਦੋਂ ਦੋ ਏਕੇ ‘ਕੱਠੇ ਹੋ ਜਾਣ ਤਾਂ ਗਿਆਰਾਂ ਬਣ ਜਾਂਦੇ ਨੇ, ਜੇ ਤਿੰਨ ਹੋਣ ਤਾਂ ਇੱਕ ਸੌ ਗਿਆਰਾਂ... ਇਸੇ ਤਰ੍ਹਾਂ ਹੀ ਜੇ ਇੱਕ ਕਰਕੇ ਸੰਘਰਸ਼ ਦੇ ਰਾਹ ਤੁਰਿਆ ਜਾਵੇ ਤਾ ਇਸ ਗੱਲ ਦੀ ਗਾਰੰਟੀ ਮੈਂ ਦਿੰਦਾ ਹਾ ਕਿ ਤੁਹਾਡੇ ਹੱਕ ਖੋਹਣ ਦੀ ਕੋਈ ਵੀ ਹਿੰਮਤ ਨਹੀਂ ਕਰੇਗਾ। ਪਰ ਜੇ ਇਹੀ ‘ਏਕੇ’ ਖੁਦਕੁਸ਼ੀਆਂ ਕਰਦਿਆਂ ਅੰਕੜੇ ਵਧਾਉਣ ਲੱਗ ਗਏ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪੰਜਾਬ ਜਿਉਂਦੇ ਮਨੁੱਖਾਂ ਨਾਲੋਂ ਖੁਦਕੁਸ਼ੀਆਂ ਕਰਨ ਵਾਲੇ ‘ਸ਼ਹੀਦਾਂ’ ਕਰਕੇ ਜ਼ਿਆਦਾ ਜਾਣਿਆ ਜਾਵੇਗਾ। ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਦੁਜਿਆਂ ਨੂੰ ਲਾਮਬੰਦ ਕਰਕੇ ਹੱਕ ਪ੍ਰਾਪਤੀ ਦੇ ਰਾਹ ਵੱਲ ਤੁਰਨਾ ਹੈ ਜਾਂ ਫਿਰ ‘ਸ਼ਹੀਦ’ ਬਣਕੇ ਦੋ ਤਿੰਨ ਇੱਟਾਂ ਦੀ ਮਟੀ ਦੀ ਵਲਗਣ ‘ਚ ਕੈਦ ਹੋ ਕੇ ਰਹਿਣਾ ਹੈ। ਪੰਜਾਬ ਦੇ ਲੋਕ ਤੁਹਾਡੇ ਕੋਲੋ਼ ਸਾਕਾਰਾਤਮਕ ਹੁੰਗਾਰੇ ਦੀ ਆਸ ਰੱਖਣਗੇ।
ਮਿੱਤਰੋ! ਅੱਜ ਵੇਲਾ ਖੁਦਕੁਸ਼ੀਆਂ ਕਰਨ ਦਾ ਨਹੀਂ ਸਗੋਂ ਇਹ ਆਵਾਜ ਬੁਲੰਦ ਕਰਨ ਦਾ ਹੈ ਕਿ
“ਆਓ ਉੱਚਾ ਕਰੀਏ ਹੋਕਾ,
ਆਤਮ ਹੱਤਿਆ ਨਹੀਂ....
ਪ੍ਰਾਪਤੀ ਦੇ ਰਾਹ ਪੈ ਵੇ ਲੋਕਾ।

ਮਨਦੀਪ ਖੁਰਮੀ ਹਿੰਮਤਪੁਰਾ

ਕਿਰਤਪਾਲ ਸਿੰਘ ਗਿੱਲ

" ਲਕੀਤਰਾਂ ਵਿੱਚ ਫਸਿਆ ਅੱਖਰ "
ਮੈਂ ਕਿਸੇ ਕਵੀ ਦੀ ਕਲਮ
ਚੋਂ ਨਿਕਲਿਆ ਉਹ ਅੱਖਰ ਹਾਂ
ਜੋ ਮਸਾਂ-ਮਸਾਂ ਤਾਂ
ਪੈਦਾ ਹੋਇਆ...
ਸੋਚਾਂ,ਖਿਆਲਾਂ ਦੀ ਕੁੱਖ ਵਿੱਚੋਂ
ਫਿਰ ਹੌਲੀ-ਹੌਲੀ
ਰਿੜਨ ਲੱਗਿਆ ਘੁਸਮੈਲੇ ਜਿਹੇ
ਪੰਨੇ ਤੇ,
ਜੰਮਿਆ ਵੀ ਤਾਂ ਕਾਲਾ ਸ਼ਾਹ ਰੰਗ
ਲੈ ਕੇ.....
ਜਮਾਂ ਕਾਲੀ ਸਿਆਹੀ ਮਾਂ ਵਰਗਾ,
ਤੇ ਇੱਕ ਦਮ ਉਸੇ ਜਾਏ ਨੇ
ਮੇਰੇ ਤੇ ਟੇਡੀਆਂ-ਮੇਡੀਆਂ ਲਕੀਤਰਾਂ
ਦਾ ਜਾਲ ਪਾ ਦਿੱਤਾ,
ਰੋਕ ਦਿੱਤਾ ਮੇਰਾ ਪੈਰਾਂ ਭਾਰ ਖਲੋਣਾ
ਰੋਕ ਦਿੱਤਾ ਅਗਾਂਹ ਵਧਣ ਤੋਂ,
ਪਤਾ ਨੀ ਕਿਉਂ ?
ਮੈਨੂੰ ਜ਼ਬਰੀ ਜਨਮ ਦਿੱਤਾ ਸੀ ਉਹਨੇ
ਤਾਂਹੀ ਮੇਰੇ ਪਾਲਣ ਪੋਸ਼ਣ ਦੀ
ਉਹਦੇ ਵਿੱਚ ਸ਼ਕਤੀ ਨਹੀ ਸੀ,
ਜਾਂ ਫਿਰ....
ਸ਼ਬਦਾਂ ਦੀ ਆਰਥਿਕ ਮੰਦਹਾਲੀ
ਸੀ ਉਹਦੇ ਕੋਲ...
ਮੈਂ ਕਾਫੀ ਦੇਰ ਤੀਕ
ਹੱਥ ਪੱਲੇ ਮਾਰਦਾ ਰਿਹਾ ਬਾਹਰ ਨਿਕਲਣ ਲਈ
ਤੇ ਉਹ ਦੇਖਦਾ ਰਿਹਾ ਆਵਦੇ ਸੁਲਘਦੇ ਬੁੱਲਾਂ
ਵਿੱਚ ਕਲਮ ਨੂੰ ਪਾ ਕੇ,ਕਿਸੇ ਬੁੱਤ ਦੀ
ਮੁੰਦਰਾਂ ਵਿੱਚ...
ਮੈਂ ਉਹਦੇ ਵੱਲ ਆਸ ਭਰੀਆਂ ਨਜ਼ਰਾਂ ਨਾਲ
ਤੱਕਦਾ ਰਿਹਾ,
ਤੇ ਉਹ ਮੇਰੇ ਤੇ ਲਕੀਤਰਾਂ ਦਾ ਜਾਲ
ਹੋਰ ਗਹਿਰਾ ਕਰਦਾ ਰਿਹਾ,
ਅੱਜ ਤਾਂਈ ਨਾ ਮੁਕਤ ਹੋ ਸਕਿਆ ਮੈਂ
ਜਿਸ ਦੀ ਕੈਦ ਚੋਂ....
ਮੈਂ ਉਹ ਅਧੂਰਾ ਕੈਦੀ ਅੱਖਰ ਹਾਂ
ਜਾਂ .......ਕਹਿ ਲਵੋ
ਲਕੀਤਰਾਂ ਵਿੱਚ ਫਸਿਆ ਅੱਖਰ ਹਾਂ

ਕਿਰਤਪਾਲ ਸਿੰਘ ਗਿੱਲ

ਗਗਨ ਬਰਾੜ

ਸਮੇ ਦੀ ਮਾਰ 
ਚੁਬਾਰੇ ਦੀ ਬਾਰੀ
ਕੰਧ ਚ ਆਲੇ
ਸਮੇ ਦੀ ਮਾਰ
ਕੁਛੜ ਲੁਕਾ ਲੇ

ਚੁੱਲੇ ਤੇ ਹਾਰੇ
ਤੰਦੂਰ ਅੰਗੀਠੀਆਂ
ਸਿਲੰਡਰ ਗੀਜਰਾਂ
ਖੂੰਜੇ ਕੀਤੀਆਂ

ਸੱਥਾਂ ਵਿਚ ਪਿੱਪਲ
ਸਫੇਦੇ ਤੇ ਬੋਹੜ
ਸ਼ਹੀਰੀਕਰਨ ਦਾ
ਖਾ ਗਿਆ ਕੋਹੜ

ਚੁੰਨੀਆ ਪਰਾਂਦੇ
ਤੇ ਸੂਟ ਰੰਗੀਨ
ਦਿਸਣ ਸੰਦੂਖੀਂ
ਚਾੜੇ ਟੋਪ ਜੀਨ

ਖੂੰਡੇ ਜੁੱਤੀਆਂ ਮੁੱਕੇ
ਤੇ ਚਾਦਰੇ ਕੁੜਤੇ
ਕਹਿ ਪੱਛੜਿਆ ਪਹਿਰਾਵਾ
ਪਛਮੀ ਅੱਗ ਸਿੱਟਤੇ

ਚਾਟੀ ਤੇ ਮਧਾਣੀ
ਬਲਦ ਤੇ ਮੱਝਾਂ
ਘਰੋਂ ਕੱਢੀਆਂ
ਮਾਰ ਕੇ ਹੁੱਜਾਂ

ਟਿੰਡਾਂ ਤੇ ਵੇਲਣਾ
ਮਟੀਆਂ ਤੇ ਜੋਤਰ
ਖਾਗੀ ਸਬ ਨੂੰ
ਮੱਛੀ ਮੋਟਰ

ਜੰਟਾ,ਕੈਲਾ,ਜੱਗਾ
ਕੇਹਰੂ,ਜੈਲਾ,ਬਚਨ
ਬੁੜੇ ਹੋਇਆਂ ਕਿਵੇਂ ਲੱਗਣੇ
ਹੈਰੀ,ਗੈਰੀ,ਗਗਨ

ਗਗਨ ਬਰਾੜ
ਮਹਿਮਾ ਸਿਰਜਾ ਬਠਿੰਡਾ
94639-11392