ਸੱਜਰੀ ਪੈੜ ਦਾ ਰੇਤਾ (ਕਿਸ਼ਤ 2)
......ਅਜੇ ਹਨੀ ਦਸਵੀਂ ਜਮਾਤ ਵਿਚ ਹੀ ਪੜ੍ਹਦੀ ਸੀ। ਸੋਹਣੀ ਸੁਨੱਖੀ ਤਾਂ ਅੰਤਾਂ ਦੀ ਸੀ। ਮੋਟੀਆਂ ਅੱਖਾਂ ਰੱਬ ਨੇ ਉਸ ਨੂੰ ਬੜੀ ਰੀਝ ਨਾਲ਼ ਘੜ੍ਹ ਕੇ ਬਖ਼ਸਿ਼ਸ਼ ਕੀਤੀਆਂ ਸਨ। ਕਾਦਰ ਦੀ ਘੜ੍ਹੀ ਮੂਰਤ ਸੀ ਹਨੀ! ਉਸ ਦੀਆਂ ਅੱਖਾਂ ਵਿਚ ਕੁਦਰਤੀ ਡਲਕ ਸੀ ਅਤੇ ਸੁਭਾਅ ਵਿਚ ਕੋਮਲਤਾ...! ਅੰਤਾਂ ਦੀ ਭੋਲ਼ੀ...! ਜਦੋਂ ਗੱਲ ਕਰਦੀ ਸੀ ਤਾਂ ਕੇਸੂ ਵਰਗੇ ਬੁੱਲ੍ਹਾਂ 'ਚੋਂ ਫ਼ੁੱਲ ਕਿਰਦੇ ਸਨ। ਕੁਦਰਤੀ ਮੁਸਕਰਾਹਟ ਉਸ ਦੇ ਹੁਸੀਨ ਚਿਹਰੇ 'ਤੇ ਹਮੇਸ਼ਾ ਖਿੜੀ ਰਹਿੰਦੀ। ਰੰਗ ਭਾਵੇਂ ਉਸ ਦਾ ਕਣਕਵੰਨਾਂ ਹੀ ਸੀ। ਪਰ ਉਸ ਦੇ ਤਿੱਖੇ ਨੈਣ ਨਕਸ਼ ਹਰ ਦੇਖਣ ਵਾਲ਼ੇ ਦਾ ਕਾਲ਼ਜਾ ਕੱਢ ਲੈਂਦੇ ਅਤੇ ਅਗਲੇ ਨੂੰ ਕਿਸੇ ਡੂੰਘੀ ਸੋਚ ਵਿਚ ਪਾ ਜਾਂਦੇ ਸਨ! ਹਰ ਕੋਈ ਉਸ ਨੂੰ ਪਿੱਛੇ ਮੁੜ ਕੇ ਦੁਬਾਰਾ ਦੇਖਦਾ! ਸਕੂਲ ਵਿਚ ਮੁੰਡੇ ਖੁੰਡੇ ਉਸ ਨੂੰ, "ਤੇਰਾ ਅੱਖਾਂ 'ਚੋਂ ਹੱਸ ਕੇ ਤੱਕਣਾ...ਹਾਏ ਨ੍ਹੀ ਸਾਨੂੰ ਮਾਰ ਗਿਆ...!" ਦੇ ਤਾਹਨ੍ਹੇ ਮਿਹਣੇ ਮਾਰਦੇ! ਪਰ ਉਹ ਮੁਸਕਰਾ ਕੇ ਹੀ ਅੱਗੇ ਨਿਕਲ਼ ਜਾਂਦੀ। ਖੜ੍ਹ ਕੇ ਕਿਸੇ ਦੀ ਗੱਲ ਜਾਂ ਤਾਹਨੇ ਦਾ ਉੱਤਰ ਨਾ ਦਿੰਦੀ। ਮੁੰਡੇ ਹਨੀ ਦੀ ਇਸ ਕਾਤਲ ਅਦਾ 'ਤੇ ਕੁਰਬਾਨ ਹੋ ਜਾਂਦੇ!
ਹਨੀ ਨੇ ਦਸਵੀਂ ਕਰ ਲਈ ਤਾਂ ਉਸ ਨੇ ਮੋਗੇ ਡੀ. ਐਮ. ਕਾਲਿਜ ਵਿਚ ਦਾਖ਼ਲਾ ਲੈ ਲਿਆ।
ਬੇਬੇ ਚਾਹੇ ਕੁੜੀ ਨੂੰ ਕਾਲਜ ਭੇਜਣ ਲਈ ਨੱਕ ਬੁੱਲ੍ਹ ਮਾਰਦੀ ਹੀ ਸੀ। ਲੱਤ ਨਹੀਂ ਲਾਉਂਦੀ ਸੀ।
-"ਬਹੁਤ ਐ ਜਿੰਨੀ ਕੁ ਇਹੇ ਪੜ੍ਹਲੀ-ਚਿੱਠੀ ਪੱਤਰ ਜੋਗੀ ਹੋਗੀ, ਹੋਰ ਪੜ੍ਹ ਕੇ ਇਹਨੇ ਕੀ ਠਾਣੇਦਾਰਨੀ ਲੱਗਣੈਂ...?"
-"ਪੜ੍ਹ ਲੈਣ ਦੇਹ..! ਤੇਰੇ ਕੀ ਖੁਰ ਵੱਢਦੀ ਐ..? ਜੰਗੀਰ ਮਾਸ਼ਟਰ ਕਹਿੰਦਾ ਸੀ ਬਈ ਕੁੜੀ ਪੜ੍ਹਨ ਨੂੰ ਹੁਸਿ਼ਆਰ ਐ, ਤੂੰ ਬਾਹਲ਼ਾ ਬਰੜਾਹਟ ਨਾ ਕਰਿਆ ਕਰ...! ਆਬਦੀ ਸਾਗ ਘੋਟਣ ਵਾਲ਼ੀ ਮੱਤ ਆਬਦੇ ਕੋਲ਼ੇ ਰੱਖਿਆ ਕਰ..! ਤੈਨੂੰ ਪੜ੍ਹਾਈਆਂ ਦਾ ਕੀ ਪਤਾ..? ਤੇਰੇ ਤਾਂ ਹੁਣ ਤੱਕ ਗੋਹੇ 'ਚੋਂ ਹੱਥ ਨ੍ਹੀ ਨਿਕਲ਼ੇ..!"
-"ਪਹਿਲਾਂ ਮੇਰੇ ਪੇਕਿਆਂ ਨੇ ਲਹੂ ਪੀਤਾ, ਤੇ ਫੇਰ ਤੂੰ..! ਮੇਰੇ ਹੱਥ ਗੋਹੇ 'ਚੋਂ ਕੌਣ ਕੱਢਦਾ..?" ਬੇਬੇ ਨੇ ਤੋੜਾ ਬਾਪੂ ਸਿਰ ਹੀ ਝਾੜਿਆ। -"ਚੱਲ ਚੁੱਪ ਰਹਿ..! ਮਾਰਦੀ ਕਿਵੇਂ ਐਂ ਜਾਭਾਂ ਨੂੰ..!"
ਬੇਬੇ ਦੀ ਦਲੀਲ ਅੱਖੋਂ ਪਰੋਖੇ ਕਰ ਕੇ ਬਾਪੂ ਨੇ ਉਸ ਨੂੰ ਕਾਲਜ ਦਾਖਲਾ ਲੈ ਦਿੱਤਾ ਸੀ।
ਕਾਲਜ ਜਾ ਕੇ ਹਨੀ ਦਾ ਸੰਧੂਰੀ ਰੰਗ ਹੋਰ ਵੀ ਨਿੱਖਰ ਆਇਆ ਸੀ। ਚੜ੍ਹਦੇ ਸੂਰਜ ਦੀ ਲਾਲੀ ਜਿਵੇਂ ਹਨੀ ਦੇ ਮੁੱਖ 'ਤੇ ਉਤਰੀ ਰਹਿੰਦੀ ਸੀ।
ਕਾਲਿਜ ਦੇ 'ਗੁੰਡੇ' ਜਿਹੇ ਮੁੰਡਿਆਂ ਤੋਂ ਉਹ ਕੋਹਾਂ ਦੂਰ ਹੀ ਰਹਿੰਦੀ। ਕਿਸੇ ਦੀ ਕੋਈ ਪ੍ਰਵਾਹ ਨਾ ਕਰਦੀ।
ਇਕ ਦਿਨ ਕਾਲਿਜ ਦੇ ਇਕ ਮੁੰਡੇ ਜੱਸੀ ਨੇ ਉਸ ਨੂੰ ਇਕ ਕਿਤਾਬ ਵਿਚ ਬਹਾਨੇ ਨਾਲ਼ ਇਕ 'ਰੁੱਕਾ' ਪਾ ਕੇ ਭੇਜਿਆ। ਅੱਤ ਸੰਖੇਪ ਚਿੱਠੀ..! ਉਸ ਨੂੰ ਜੱਸੀ ਤੋਂ ਕਦੇ ਡਰ-ਭੈਅ ਨਹੀਂ ਆਇਆ ਸੀ। ਉਹ ਸੰਗਾਊ ਜਿਹਾ ਲੜਕਾ ਚੋਰ ਨਜ਼ਰ ਨਾਲ਼ ਹਨੀ ਵੱਲ ਤੱਕਦਾ, ਤਾਂ ਹਨੀ ਵੀ ਮੁਸਕਰਾ ਕੇ ਉਸ ਦੀ ਖ਼ਾਮੋਸ਼ ਮੁਸਕਾਰਹਟ ਵਿਚ ਮਦਹੋਸ਼ ਜਿਹੀ ਹੋ ਜਾਂਦੀ। ਨਜ਼ਰਾਂ ਦੀ ਜੂਹ ਰਲ਼ੀ, ਤਾਂ ਦੋਵਾਂ ਦੀਆਂ ਭਾਵਨਾਵਾਂ ਇਕ ਦੂਜੇ ਨੂੰ ਲੱਭਣ ਲੱਗੀਆਂ। ਪਾਰਕ ਦੇ ਇਕ ਖੂੰਜੇ ਜਾ ਕੇ ਉਸ ਨੇ ਜੱਸੀ ਵੱਲੋਂ ਭੇਜਿਆ ਖ਼ਤ ਪੜ੍ਹਿਆ।
-"ਰੱਬ ਦੀ ਮੂਰਤ ਹਨਿੰਦਰ...! ਬੱਸ, ਇਤਨਾ ਹੀ ਆਖ ਸਕਦਾ ਹਾਂ ਕਿ ਵਿਸ਼ਾਲ ਆਕਾਸ਼ ਵਿਚ ਉੱਡਦੀਆਂ, ਕਿਸੇ ਅਣਮਿਥੀ ਮੰਜਿ਼ਲ ਵੱਲ ਜਾ ਰਹੀਆਂ ਕੂੰਜਾਂ ਦੀਆਂ ਡਾਰਾਂ ਨੂੰ ਖਿਆਲਾਂ ਵਿਚ ਜੱਫ਼ੇ ਮਾਰਨ ਵਾਲ਼ਾ ਹੱਦ ਦਾ ਮੂਰਖ਼ ਹੁੰਦਾ ਹੈ...! ਕਿਤੇ ਮੈਂ ਉਹੀ ਮੂਰਖ਼ਤਾ ਤਾਂ ਨਹੀਂ ਕਰ ਰਿਹਾ...? ਤੇਰੇ ਉੱਤਰ ਦੀ ਉਡੀਕ ਰਹੇਗੀ! ਜੱਸੀ...!" ਪੜ੍ਹ ਕੇ ਉਸ ਨੇ ਰੁੱਕਾ ਪਾੜ ਕੇ ਸੁੱਟ ਦਿੱਤਾ ਅਤੇ ਵਾਪਿਸ ਮੁੜ ਆਈ। ਪਾਰਕ ਦੇ ਅੱਧ ਵਿਚ ਪਹੁੰਚ ਕੇ ਫਿਰ ਪਤਾ ਨਹੀਂ ਉਹ ਕਿਉਂ ਵਾਪਸ ਮੁੜ ਗਈ। ਪਾੜੇ ਕਾਗਜ਼ ਦੇ ਟੁਕੜੇ ਇਕੱਠੇ ਕੀਤੇ ਅਤੇ ਸੱਸੀ ਦੇ ਪੁੰਨੂੰ ਦੀ ਸੱਜਰੀ ਪੈੜ ਦੇ ਰੇਤੇ ਵਾਂਗ ਕਾਗਜ਼ ਦਾ ਟੁਕੜਾ ਘੁੱਟ ਕੇ ਹਿੱਕ ਨਾਲ਼ ਲਾ ਲਿਆ। ਜਿਵੇਂ ਉਸ ਦਾ ਕਾਲ਼ਜਾ ਠਰ ਗਿਆ ਅਤੇ ਮਨ ਸੀਤ ਹੋ ਗਿਆ ਸੀ।
ਸਾਰਾ ਦਿਨ ਕਾਲਜ ਵਿਚ ਉਸ ਦੇ ਮਨ ਨੂੰ ਅੱਚਵੀ ਜਿਹੀ ਲੱਗੀ ਰਹੀ। ਕਿਤਾਬ ਫੜ ਕੇ ਪੜ੍ਹਨ ਲੱਗਦੀ ਤਾਂ ਜੱਸੀ ਦਾ ਭੋਲ਼ਾ, ਸਾਊ ਅਤੇ ਦਿਲਕਸ਼ ਚਿਹਰਾ ਮੂਰਤ ਬਣ ਸਾਹਮਣੇ ਆ ਖੜ੍ਹਦਾ। ਉਸ ਦਾ ਦਿਲ ਥਾਲ਼ੀ ਦੇ ਪਾਣੀ ਵਾਂਗ ਡੋਲ ਰਿਹਾ ਸੀ। ਧੜਕਣ ਵਿਚ ਤੂਫ਼ਾਨ ਆਇਆ ਹੋਇਆ ਸੀ।
ਰਾਤ ਨੂੰ ਸੌਣ ਤੋਂ ਪਹਿਲਾਂ ਉਸ ਨੇ ਘਰਦਿਆਂ ਤੋਂ ਚੋਰੀ ਉਸ ਕਾਗਜ਼ ਦੇ ਟੁਕੜੇ ਨੂੰ ਗੂੰਦ ਨਾਲ਼ ਜੋੜਿਆ ਅਤੇ ਫਿਰ ਵਾਰ ਵਾਰ ਪੜ੍ਹਿਆ। ਇਕ ਇਕ ਅੱਖਰ ਉਸ ਨੂੰ ਇਲਾਹੀ ਸ਼ਬਦ ਜਾਪ ਰਿਹਾ ਸੀ। ਕਾਗਜ਼ ਜੋੜਦੀ ਹਨੀ ਨੂੰ ਇੰਜ ਮਹਿਸੂਸ ਹੋਇਆ ਸੀ, ਜਿਵੇਂ ਆਪਣੀ ਖਿਲਰੀ ਕਿਸਮਤ ਨੂੰ ਤਰਤੀਬ ਦੇ ਰਹੀ ਹੋਵੇ! ਉਸ ਦੇ ਮਨ ਅੰਦਰ ਖੁਸ਼ੀ ਦੀਆਂ ਘੰਟੀਆਂ ਵੱਜ ਰਹੀਆਂ ਸਨ। ਹਵਾ ਚਵਰ ਕਰਦੀ ਮਹਿਸੂਸ ਹੋ ਰਹੀ ਸੀ। ਪ੍ਰਕਿਰਤੀ ਲੋਰੀਆਂ ਦਿੰਦੀ ਲੱਗਦੀ ਸੀ। ਜਜ਼ਬਾਤਾਂ ਦੇ ਵਹਿਣਾਂ ਵਿਚ ਵਹਿੰਦੀ ਹਨੀ ਨੇ ਵੀ ਕਾਗਜ਼ ਦੀ ਹੱਕ 'ਤੇ ਕੁਝ ਸ਼ਬਦ ਵਾਹ ਧਰੇ...!
-"ਜੱਸੀ, ਤੇਰੀ ਭੋਲ਼ੀ ਭਾਲ਼ੀ ਅਤੇ ਸੱਚੀ-ਸੁੱਚੀ ਮੂਰਤ, ਸੂਰਤ ਅਤੇ ਸੀਰਤ ਦਾ ਮਿਆਰ ਸ਼ਾਇਦ ਮੇਰੀ ਆਖਰੀ ਮੰਜਿ਼ਲ ਤੱਕ ਪਹੁੰਚ ਚੁੱਕਾ ਹੈ! ਖਿਆਲਾਂ ਨੂੰ ਜਾਂ ਖਿਆਲਾਂ ਵਿਚ ਜੱਫ਼ਾ ਮਾਰਨ ਵਾਲ਼ਾ ਮੂਰਖ਼ ਨਹੀਂ, ਲੋਕ ਉਸ ਨੂੰ ਚਾਹੇ ਫਿ਼ਲਾਸਫ਼ਰ ਜਾਂ ਬੌਰਾ ਆਖਣ, ਪਰ ਅਜਿਹੀਆਂ ਸੋਚਾਂ ਦੀ ਪ੍ਰਵਾਜ਼ ਭਰਨ ਵਾਲ਼ਾ ਕਿਸੇ ਦੇ ਦਿਲਾਂ ਦਾ ਜਾਨੀ ਵੀ ਹੋ ਸਕਦਾ ਹੈ...! ਕਿ ਨਹੀਂ..? ਮੇਰੀ ਸੋਚ ਅਨੁਸਾਰ ਮੈਂ ਤੇਰੀ ਗੱਲ ਦਾ ਉੱਤਰ ਦੇ ਦਿੱਤਾ ਹੈ!... ਹਨੀ!"
ਚਿੱਠੀ ਉਸ ਨੇ ਲਿਖ ਤਾਂ ਲਈ। ਪਰ ਫੜਾਉਣ ਦਾ ਸਬੱਬ ਨਾ ਬਣਿਆਂ।
ਕਈ ਦਿਨ ਲੰਘ ਗਏ।
ਤੀਜੇ ਦਿਨ ਜਦ ਜੱਸੀ ਉਸ ਨੂੰ ਪਾਰਕ ਕੋਲ਼ ਅਚਾਨਕ ਮਿਲ਼ ਗਿਆ ਤਾਂ ਉਸ ਨੇ ਛਾਤੀਆਂ ਦੇ ਸੰਨ੍ਹ ਵਿਚ ਲੁਕਾਈ ਚਿੱਠੀ ਕਿਸੇ ਅਰਮਾਨ ਵਾਂਗ ਉਸ ਦੇ ਅੱਗੇ ਕਰ ਦਿੱਤੀ। ਚਿੱਠੀ ਫੜਦੇ ਜੱਸੀ ਦੀਆਂ ਤਲ਼ੀਆਂ ਨੂੰ ਮੁੜ੍ਹਕਾ ਆ ਗਿਆ। ਸਰੀਰ ਨੂੰ ਅਕਹਿ ਆਨੰਦ ਭਰੀ ਝਰਨਾਹਟ ਛੁੱਟੀ। ਉਸ ਨੇ ਬੜੀ ਹਸਰਤ ਨਾਲ਼ ਹਨੀ ਵੱਲ ਤੱਕਿਆ ਤਾਂ ਹਨੀ ਦੀਆਂ ਗੱਲ੍ਹਾਂ ਵਿਚੋਂ ਵੀ ਜਿਵੇਂ ਰੱਤ ਚੋਅ ਰਹੀ ਸੀ। ਗੱਲ੍ਹਾਂ ਸੁਰਖ਼ ਅਤੇ ਚੜ੍ਹਦੇ ਸੂਰਜ ਵਾਂਗ ਰੱਤੀਆਂ ਸਨ। ਉਸ ਦੀਆਂ ਨਜ਼ਰਾਂ ਮਿਹਰਬਾਨੀ ਵਿਚ ਵਿਛੀਆਂ ਪਈਆਂ ਸਨ। ਦਿਲਾਂ ਦੀ ਜੂਹ ਵਿਚ ਦੂਰ-ਦੂਰ ਤੱਕ ਖੇੜਾ ਆ ਗਿਆ ਸੀ। ਅਰਮਾਨਾਂ ਦੀ ਬਹਾਰ ਖਿੜ ਪਈ ਸੀ। ਹਨੀ ਸਿਰ ਝੁਕਾਅ ਕੇ ਤੁਰ ਗਈ। ਜੱਸੀ ਦੀ ਜਿਵੇਂ ਰੂਹ ਤੁਰ ਗਈ ਸੀ। ਜਿੰਦ ਤੁਰ ਗਈ ਸੀ...!
ਅਜੇ ਜੱਸੀ ਪਾਰਕ ਦੇ ਇਕ ਖੂੰਜੇ ਖੜ੍ਹਾ ਚਿੱਠੀ ਦੀਆਂ ਪਰਤਾਂ ਖੋਲ੍ਹ ਕੇ ਪੜ੍ਹ ਹੀ ਰਿਹਾ ਸੀ ਕਿ ਕਿਸੇ ਖੁਰਦਰੀ ਜਿਹੀ ਅਵਾਜ਼ ਨੇ ਉਸ ਦਾ 'ਤਰਾਹ' ਕੱਢ ਦਿੱਤਾ।
-"ਮੈਂ ਕਹਿੰਨੈਂ ਜਮਾਂ ਈ ਕਾਲ਼ਾ ਸੱਪ ਮਾਰਿਐ ਬਾਈ ਸਿਆਂ, ਕਾਲ਼ਾ ਨਾਗ...! ਧਰਮ ਨਾਲ਼ ਬੜਾ ਈ ਖ਼ਤਰਨਾਕ ਬਾਈ ਸਿਆਂ, ਜਮਾਂ ਈ ਖੜੱਪਾ..!" ਬੀਕਾ ਖੜ੍ਹਾ ਸੀ। ਉਸ ਦੀ ਪਾਟੇ ਢੋਲ ਵਰਗੀ ਅਵਾਜ਼ ਜੱਸੀ ਦੇ ਕਾਲ਼ਜੇ ਵਿਚ ਡਾਂਗ ਵਾਂਗ ਵੱਜੀ ਸੀ।
-".......।" ਉਹ ਨਿਰੁੱਤਰ ਹੋਇਆ ਸਿੱਧਾ ਸਲੋਟ ਬੀਕੇ ਵੱਲ ਤੱਕ ਰਿਹਾ ਸੀ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਬੀਕੇ ਨੂੰ ਕੀ ਉਤਰ ਦੇਵੇ..? ਕੀ ਬਹਾਨਾ ਮਾਰੇ..?
ਬੀਕੇ ਦਾ ਅਸਲ ਨਾਂ ਬਿਕਰਮ ਸਿੰਘ ਸੀ। ਪਰ ਕਾਲਜ ਵਿਚ ਉਹ 'ਬੀਕੇ' ਦੇ ਨਾਂ ਨਾਲ਼ ਮਸ਼ਹੂਰ ਸੀ। ਕਾਫ਼ੀ ਸਾਲਾਂ ਤੋਂ ਇਕੋ ਹੀ ਕਲਾਸ ਵਿਚ ਗੇੜੇ ਖਾਣ ਵਾਲ਼ਾ ਬੀਕਾ ਕੋਈ ਸਾਊ ਮੁੰਡਾ ਨਹੀਂ ਸੀ। ਉਸ ਦਾ ਕੰਮ ਕੁੜੀਆਂ ਕੱਤਰੀਆਂ ਦੇ ਚੂੰਢੀਆਂ ਭਰਨਾ ਅਤੇ ਬੋਲ-ਕਬੋਲ ਕਰਨਾ ਸੀ। ਰੱਜੇ ਪੁੱਜੇ ਘਰ ਦਾ ਬੀਕਾ ਪੜ੍ਹਦਾ ਘੱਟ ਅਤੇ ਗਸ਼ਤ ਬਹੁਤੀ ਕਰਦਾ ਸੀ। ਇਕ ਨਾਮੀਂ ਬਦਮਾਸ਼ ਜਾਂ ਕਹੋ ਅਫ਼ੀਮ ਸਮਗਲਰ ਦਾ ਵਿਗੜਿਆ, ਬਦ ਮੁੰਡਾ ਕਈ ਵਾਰ ਠਾਣੇ ਦਾ ਮੂੰਹ ਵੀ ਦੇਖ ਆਇਆ ਸੀ। ਪਰ ਠਾਣੇ ਜਾ ਕੇ ਵੀ ਉਸ ਦਾ ਪੱਤਾ ਨਹੀਂ ਹਿੱਲਿਆ ਸੀ। ਪਿਉ ਦੀ ਚੰਗੀ ਚੱਲਦੀ ਹੋਣ ਕਰਕੇ ਪੁਲੀਸ ਦਾ ਤਾਂ ਉਸ ਨੂੰ ਡਰ ਹੀ ਕੋਈ ਨਹੀਂ ਸੀ। ਪਿਉ ਦੀ ਸਰਕਾਰੇ ਦਰਬਾਰੇ ਪੂਰੀ 'ਭੱਲ' ਬਣੀ ਹੋਈ ਸੀ। ਇਲਾਕੇ ਦਾ ਐੱਮ. ਐੱਲ. ਏ. ਉਸ ਤੋਂ ਪੁੱਛ ਗੱਲ ਕਰਦਾ ਸੀ। ਜੱਸੀ ਨੂੰ ਉਸ ਦੇ ਖੱਖਰ ਖਾਧੇ ਜਿਹੇ ਮੂੰਹ ਤੋਂ ਡਰ ਆਇਆ। ਪਲ ਦੀ ਪਲ ਜਿਵੇਂ ਉਸ ਦੇ ਦਿਲ ਦਾ ਬਾਗ ਵੈਰਾਨ ਹੋ ਗਿਆ ਸੀ। ਦਿਲ ਦੀ ਖਿੜੀ ਜੂਹ ਤਬਾਹ ਹੋ ਗਈ ਸੀ। ਖੇੜਾ ਬੰਜਰ ਉਜਾੜ ਹੋ ਗਿਆ ਸੀ।
-"ਕੁੜੀ ਕਾਹਦੀ ਐ..? ਅੱਖਾਂ ਨਾਲ਼ ਮਿਰਚਾਂ ਭੋਰਦੀ ਐ..! ਮੋਢਿਆਂ ਤੋਂ ਦੀ ਥੁੱਕਦੀ ਐ ਖ਼ਸਮਾਂ ਨੂੰ ਖਾਣੀਂ..! ਭੜ੍ਹਾਕਾ ਐ ਭੜ੍ਹਾਕਾ, ਬਾਈ ਸਿਆਂ...!" ਬੀਕਾ ਖੜ੍ਹਾ ਆਪਣੀ ਕਰੜ ਬਰੜੀ ਦਾੜ੍ਹੀ ਖੁਰਕ ਰਿਹਾ ਸੀ। ਉਸ ਦੀਆਂ 'ਚੰਟ' ਅੱਖਾਂ ਜੱਸੀ ਦੇ ਚਿਹਰੇ 'ਤੇ ਤਖ਼ਤੇ ਦੀ ਚੂਲ਼ ਵਾਂਗ ਘੁਕੀ ਜਾ ਰਹੀਆਂ ਸਨ।
-"........।" ਜੱਸੀ ਫਿਰ ਨਾ ਕੁਝ ਬੋਲਿਆ।
-"ਸਾਡੇ ਤਾਂ ਇਹ ਕਬੂਤਰੀ ਕਦੇ ਬਨੇਰੇ 'ਤੇ ਨੀ ਬੈਠੀ? ਤੇਰੇ ਮੋਢੇ 'ਤੇ ਕਿਵੇਂ ਖੇਡਣ ਲੱਗਪੀ..? ਆਸ਼ਕੇ ਬਾਈ ਸਿਆਂ ਤੇਰੇ..! ਸਦਕੇ ਤੇਰੀ ਕਿਸਮਤ ਦੇ...! ਸਲਾਮ ਤੈਨੂੰ..!"
-"........।"
-"ਕੱਲੇ ਖਾਣ ਨੂੰ ਬਾਈ ਸਿਆਂ ਕਾਣੀਂ ਵੰਡ ਆਖਦੇ ਐ!" ਬੀਕੇ ਨੇ ਮੂੰਹ ਵਿੰਗਾ ਕਰ ਲਿਆ ਅਤੇ ਸ਼ੈਤਾਨ ਨਜ਼ਰ ਤਿਰਛੀ ਸੁੱਟ ਲਈ।
-"..........।" ਜੱਸੀ ਨੇ ਫਿਰ ਵੀ ਸਮਾਈ ਕਰ ਲਈ।
-"ਵੰਡ ਕੇ ਖਾਵੇਂਗਾ, ਚੰਗਾ ਰਹੇਂਗਾ, ਨਹੀਂ ਬਾਈ ਸਿਆਂ ਗਿੱਦੜਾਂ ਹੱਥ ਆਇਆ ਪਟੋਲ੍ਹਾ ਲੀਰੋ ਲੀਰ ਹੋ ਜਾਂਦੈ..!"
-"ਕਾਲਜ ਦੀ ਕੁੜੀ ਬਾਰੇ ਐਹੋ ਜੀਆਂ ਗੱਲਾਂ ਤੈਨੂੰ ਸ਼ੋਭਾ ਨਹੀਂ ਦਿੰਦੀਆਂ ਬਾਈ ਬੀਕਿਆ..!" ਜੱਸੀ ਨੇ ਮੂੰਹ ਖੋਲ੍ਹਿਆ ਸੀ।
-"ਵਾਹ...! ਕਿਆ ਡਾਈਲਾਗ ਮਾਰਾ ਪ੍ਰੇਮ ਬਾਬੂ ਨੇ...!" ਉਸ ਨੇ ਜੱਸੀ ਦਾ ਮਜ਼ਾਕ ਉਡਾਇਆ।
ਬਿਨਾ ਗੱਲ ਕੀਤੀ ਦੇ ਜੱਸੀ ਖਿਝ ਕੇ ਤੁਰ ਗਿਆ। ਉਹ ਬੀਕੇ ਵਰਗੇ ਬੇਵਕੂਫ਼ ਅਤੇ ਬਦਮਾਸ਼ ਬੰਦੇ ਨਾਲ਼ ਗੱਲ ਨਹੀਂ ਕਰਨਾ ਚਾਹੁੰਦਾ ਸੀ। ਲੜਾਈ ਕਰਨਾ ਬੀਕੇ ਦਾ ਪਹਿਲਾ ਕੰਮ ਸੀ ਅਤੇ ਲੜਾਈ ਤੋਂ ਜੱਸੀ ਵਰਗਾ ਸ਼ਾਂਤਮਈ ਮੁੰਡਾ ਸੌ ਕੋਹਾਂ ਡਰਦਾ ਸੀ। ਇਕ ਲਿੱਬੜੀ ਮੱਝ ਸਾਰਿਆਂ ਨੂੰ ਲਬੇੜਦੀ ਹੈ, ਸੋਚ ਕੇ ਜੱਸੀ ਨੇ ਚੁੱਪ ਵੱਟਣੀ ਹੀ ਬਿਹਤਰ ਸਮਝੀ। ਲੜਾਈ ਅਤੇ ਲੱਸੀ ਦਾ ਕੀ ਐ..? ਜਿੰਨੀ ਮਰਜ਼ੀ ਐ ਵਧਾ ਲਵੋ..! ਪਰ ਬੀਕੇ ਦਾ ਭਰਮ ਸੀ ਕਿ ਜੱਸੀ ਉਸ ਦੇ ਦਬਦਬੇ ਤੋਂ ਜਰਕ ਗਿਆ ਸੀ, ਡਰ ਗਿਆ ਸੀ।
ਜੱਸੀ ਦਾ ਮਨ ਭੈੜ੍ਹਾ ਹੋ ਗਿਆ।
ਅਚਾਨਕ ਪ੍ਰੇਮ ਸਾਗਰ ਦੀ ਸ਼ਾਂਤੀ ਵਿਚ ਬੀਕਾ ਪੱਥਰ ਬਣ ਡਿੱਗਿਆ ਸੀ।
ਜਦੋਂ ਜੱਸੀ ਅਗਲੇ ਦਿਨ ਕਾਲਜ ਆਇਆ ਤਾਂ ਯਾਰਾਂ ਮਿੱਤਰਾਂ ਦੀਆਂ ਬਾਂਹਾਂ 'ਤੇ ਟੰਗਿਆ ਗਿਆ। ਜਿਗਰੀ ਮਿੱਤਰ ਖ਼ੁਸ਼ੀ ਵਿਚ ਚੀਕਾਂ ਮਾਰ ਰਹੇ ਸਨ। ਬਾਂਦਰਾਂ ਵਾਗ...! ਪਰ ਜੱਸੀ ਨੂੰ ਕਿਸੇ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਯਾਰ ਮਿੱਤਰ ਉਸ ਨੂੰ ਮੋਢਿਆਂ 'ਤੇ ਕਿਉਂ ਉਗੀਸੀ ਫਿ਼ਰਦੇ ਸਨ...?
-"ਉਏ ਖਸਮੋਂ..! ਕੋਈ ਗੱਲ ਤਾਂ ਦੱਸੋ..!" ਜੱਸੀ ਸੋਚਾਂ ਦੇ ਗੇੜ ਵਿਚ ਪਿਆ ਹੋਇਆ ਸੀ।
-"ਪਹਿਲਾਂ ਆਖ ਬਈ ਪਾਰਟੀ ਪੱਕੀ..?" ਲੰਡਰ ਮੁਡੀਹਰ ਕੁਝ ਜਿ਼ਆਦਾ ਹੀ ਮੱਛਰੀ ਹੋਈ ਸੀ।
-"ਪਾਰਟੀ ਨੂੰ ਸਾਲਿ਼ਓ ਮੇਰੇ ਆਨੰਦ ਕਾਰਜ ਹੋਏ ਐ..? ਕੋਈ ਗੱਲ ਤਾਂ ਦੱਸੋ..?"
-"ਉਏ ਆਨੰਦ ਕਾਰਜਾਂ 'ਚ ਈ ਕੱਚ ਐ..! ਬਾਕੀ ਬੇੜਾ ਤਾਂ ਪਾਰ ਐ ਬਾਈ ਸਿਆਂ...! ਕਿਸੇ ਪਾਸਿਓਂ ਕੋਈ ਕਸਰ ਨ੍ਹੀ..!" ਇਕ ਖੂੰਜੇ 'ਚੋਂ ਬੀਕੇ ਨੇ ਤਰਕ ਮਾਰੀ।
ਜੱਸੀ ਮੂਤ ਦੀ ਝੱਗ ਵਾਂਗ ਬੈਠ ਗਿਆ।
ਉਸ ਨੂੰ ਹੁਣ ਸਾਰੀ ਹਕੀਕਤ ਦਾ ਪਤਾ ਲੱਗ ਗਿਆ ਸੀ ਕਿ ਮਿੱਤਰਾਂ ਵੱਲੋਂ ਇਹ ਲਾਚੜਪੁਣਾਂ ਕਿਸ ਗੱਲ ਕਰ ਕੇ ਹੋ ਰਿਹਾ ਸੀ..? ਇਹ ਸਾਰੀ ਗੱਲ ਬੀਕੇ ਨੇ ਹੀ ਫ਼ੈਲਾਈ ਸੀ। ਉਸ ਨੇ ਝਟਕੇ ਨਾਲ਼ ਸਾਰਿਆਂ ਤੋਂ ਆਪਣਾ ਆਪ ਛੁਡਾ ਲਿਆ। ਉਸ ਦਾ ਮੱਥਾ ਜੋਰ ਨਾਲ਼ ਠਣਕਿਆ ਸੀ। ਖਹਿੜਾ ਛੁਡਾ ਕੇ ਉਸ ਨੇ ਬਿੱਲੀ ਦੇ ਮੂੰਹੋਂ ਛੁੱਟੇ ਕਬੂਤਰ ਵਾਂਗ ਖੰਭ ਜਿਹੇ ਝਿਣਕੇ ਅਤੇ ਚੁੱਪ ਚਾਪ ਕੰਟੀਨ ਵਿਚ ਜਾ ਬੈਠਿਆ। ਹੁਣ ਉਸ ਨੂੰ ਹੋਰ ਫਿ਼ਕਰ ਚਿੰਬੜ ਗਿਆ ਸੀ। ਉਸ ਦੀ ਗਲਤੀ ਨਾਲ਼ ਹਨੀ ਦੀ ਮਿੱਟੀ ਪੱਟੀ ਗਈ...। ਜੇ ਉਹ ਹਨੀ ਨੂੰ ਖ਼ਤ ਫੜਾਉਣ ਦੀ ਪਹਿਲ ਜਾਂ ਗਲਤੀ ਨਾ ਕਰਦਾ, ਤਾਂ ਇਸ ਗੱਲ ਦੀ ਸ਼ੁਰੂਆਤ ਹੀ ਨਹੀਂ ਹੋਣੀ ਸੀ...। ਜੇ ਉਸ ਨੇ ਉਸ ਨੂੰ ਚਿੱਠੀ ਫੜਾਈ, ਤਾਂ ਹੀ ਹਨੀ ਨੇ ਉੱਤਰ ਦਿੱਤਾ...? ਜੇ ਉਹ ਇਸ ਵਿਸ਼ੇ ਨੂੰ ਨਾ ਹੀ ਛੇੜਦਾ, ਤਾਂ ਗੱਲ ਲੁਕੀ ਲੁਕਾਈ ਸੀ...। ਮੇਜ਼ 'ਤੇ ਪਿਆ ਸਾਜ਼ ਕਦੇ ਆਪਣੇ ਆਪ ਨਹੀਂ ਵੱਜਦਾ, ਚਾਹੇ ਉਹ ਕਿਤਨਾ ਵੀ ਸੁਰੀਲਾ ਸੰਗੀਤ ਦੇਣ ਦੀ ਸਮਰੱਥਾ ਰੱਖਦਾ ਹੋਵੇ...! ਸੰਗੀਤ ਦਾ ਮਜ਼ਾ ਲੈਣ ਲਈ ਉਸ ਦੀਆਂ ਸੁੱਚਾਂ ਸੁਰ ਕਰਨੀਆਂ ਪੈਂਦੀਆਂ ਨੇ...! ਜੱਸੀ, ਤੂੰ ਹੀ ਹਨੀ ਨੂੰ ਬਦਨਾਮ ਕਰ ਮਾਰਿਆ..! ਕੀ ਕਰਾਂ...? ਬੀਕੇ ਦਾ ਮਿੰਨਤ ਤਰਲਾ ਕਰਾਂ..? ਨਹੀਂ, ਕਦਾਚਿੱਤ ਨਹੀਂ..! ਉਹ ਸਾਲਾ ਹੋਰ ਉੱਪਰ ਚੜ੍ਹੇਗਾ ਅਤੇ ਸਿਰ ਹੋਵੇਗਾ। ਪਰ ਜੇ ਮਿੰਨਤ ਤਰਲੇ ਨਾਲ਼ ਹਨੀ ਦੀ ਇੱਜ਼ਤ ਬਚਦੀ ਐ, ਤਾਂ ਬੀਕੇ ਅੱਗੇ ਬੇਨਤੀ ਕਰਨ ਦਾ ਕੋਈ ਹਰਜ਼ ਨਹੀਂ..! ਹਾਂ, ਬੀਕੇ ਦਾ ਤਰਲਾ ਕਰ ਅਤੇ ਉਸ ਕੁੜੀ ਨੂੰ ਬਦਨਾਮੀਂ ਤੋਂ ਬਚਾ ਜੱਸੀ...! ਉਸ ਦੀ ਇੱਜ਼ਤ ਖਾਤਿਰ ਮੈਨੂੰ ਝੁਕਣਾਂ ਵੀ ਮਨਜ਼ੂਰ ਹੈ..! ਪਰ ਉਸ ਦੀ ਇੱਜ਼ਤ ਆਬਰੂ ਜ਼ਰੂਰ-ਬਰ-ਜ਼ਰੂਰ, ਹਰ ਹਾਲਤ ਵਿਚ ਬਚਾਉਣੀ ਐਂ..।
ਉਹ ਦਿਲ ਜਿਹਾ ਕਰੜਾ ਕਰ ਕੇ ਪਾਰਕ ਵਿਚ ਦੀ ਹੁੰਦਾ ਹੋਇਆ ਬਾਹਰ ਭਲਵਾਨ ਦੇ ਢਾਬੇ 'ਤੇ ਪਹੁੰਚ ਗਿਆ। ਉਸ ਨੂੰ ਪਤਾ ਸੀ ਕਿ ਬੀਕੇ ਦੀ ਠਾਹਰ ਭਲਵਾਨ ਦੇ ਢਾਬੇ 'ਤੇ ਹੀ ਸੀ!
ਢਾਬੇ ਦੇ ਇਕ ਖੂੰਜੇ ਬੀਕਾ ਸਾਝਰੇ ਹੀ ਪਤਾ ਨਹੀਂ ਕਿਹੜੀ ਖ਼ੁਸ਼ੀ ਵਿਚ ਬੋਤਲ ਖੋਲ੍ਹੀ ਬੈਠਾ ਸੀ। ਸਾਹਮਣੇ ਪਈ ਆਮਲੇਟ ਨੂੰ ਉਹ ਬੋਤੇ ਵਾਂਗ ਬੁਰਕ ਮਾਰ ਰਿਹਾ ਸੀ। ਉਸ ਦੀ 'ਟੁੱਚ-ਟੁੱਚ' ਦੂਰ ਤੱਕ ਸੁਣਦੀ ਸੀ। ਜੱਸੀ ਨੂੰ ਦੇਖ ਕੇ ਬੀਕੇ ਨੇ ਆਦਤ ਅਨੁਸਾਰ ਮੂੰਹ ਵਿੰਗਾ ਕਰ ਲਿਆ। ਉਸ ਦੇ ਚਿਹਰੇ 'ਤੇ ਸ਼ਰਾਰਤ ਸੀ। ਉਸ ਨੇ ਪਾਸਾ ਮਾਰਿਆ ਤਾਂ ਢਾਬੇ ਦੇ ਬੈਂਚ ਨੇ ਦੁਹਾਈ ਮਚਾ ਦਿੱਤੀ। ਚੂਲਾਂ ਚੀਕੀਆਂ!
-"ਗੋਦੀ ਚੱਕ ਲੈ ਸੁਨੱਖਿਆ ਯਾਰਾ - ਤੁਰਦੀ ਦੇ ਪੈਰ ਮੱਚਗੇ...!" ਬੀਕੇ ਨੇ ਪੈੱਗ ਪੀ ਕੇ ਬੱਕਰਾ ਬੁਲਾਇਆ।
-".......।" ਜੱਸੀ ਬੀਕੇ ਦੇ ਬਰਾਬਰ ਬੈਠ ਗਿਆ।
-"ਮੈਨੂੰ ਪਤਾ ਸੀ ਬਈ ਤੂੰ ਜਰੂਰ ਆਵੇਂਗਾ..! ਐਥੋਂ ਪਤਾ ਲੱਗਦੈ ਬਈ ਇਹ ਯਾਰੀ ਐ, ਛੋਲਿਆਂ ਦਾ ਵੱਢ ਨਹੀ ਬਾਈ ਸਿਆਂ..!"
-".........।"
-"ਖੁੱਲ੍ਹ ਕੇ ਬੈਠ ਸੁਨੱਖਿਆ ਯਾਰਾ..! ਕੱਠਾ ਜਿਆ ਕਾਹਨੂੰ ਹੋਈ ਜਾਨੈਂ..? ਬੀਕਾ ਫੇਰ ਵੀ ਤੇਰਾ ਯਾਰ ਐ..! ਤੇਰਾ ਕਲਾਸ ਫ਼ੈਲੋ..!"
-"........।" ਜੱਸੀ ਆਦਤ ਅਨੁਸਾਰ ਚੁੱਪ ਸੀ।
-"ਲੈ ਫੜ ਪੀ...!" ਬੀਕੇ ਨੇ ਗਿਲਾਸ ਅਤੇ ਬੋਤਲ ਜੱਸੀ ਅੱਗੇ ਕਰ ਦਿੱਤੀ।
-"ਨਹੀਂ, ਮੈਂ ਤਾਂ ਕਦੇ ਪੀਤੀ ਨੀ ਬਾਈ ਬੀਕਿਆ...!" ਉਸ ਨੇ ਗਿਲਾਸ ਅਤੇ ਬੋਤਲ ਪਿੱਛੇ ਧੱਕ ਦਿੱਤੇ।
-"ਅੱਜ ਪੀ ਕੇ ਦੇਖਲੈ...! ਪਰ ਤੈਨੂੰ ਪੀਣ ਦੀ ਕੀ ਲੋੜ ਐ ਬਾਈ ਸਿਆਂ..? ਤੇਰੇ ਕੋਲ਼ੇ ਰੰਨ ਜਿਉਂ ਧਤੂਰੇ ਵਰਗੀ ਐ..! ਦਾਰੂ ਨਾਲ਼ ਤਾਂ ਸਾਨੂੰ ਈ ਟੱਕਰਾਂ ਮਾਰਨੀਆਂ ਪੈਂਦੀਐਂ, ਜਿਹੜੇ ਬੋਤੇ ਦੀ ਪੂਛ ਵਰਗੇ ਲੰਡੇ ਈ ਫਿ਼ਰਦੇ ਐਂ..! ਕੀ ਕਰੀਏ ਬਾਈ ਸਿਆਂ..? ਕੋਈ ਵੱਸ ਨਹੀਂ..! ਇਕ ਤੇਰੇ ਅਰਗੇ ਛੋਟੇ ਭਾਈ ਦੁਸ਼ਮਣ ਬਣੇ ਫਿਰਦੇ ਐ..! ਇਉਂ ਨ੍ਹੀ ਬਈ ਬਾਈ ਬੀਕਾ ਲੰਡਾ ਸਾਧ ਈ ਕੰਧਾਂ ਨਾਲ਼ ਟੱਕਰਾਂ ਮਾਰਦਾ ਫਿਰਦੈ, ਉਹਦਾ ਕੋਈ ਪ੍ਰਬੰਧ ਈ ਕਰ ਦੇਈਏ? ਭਲਵਾਨਾਂ...!" ਉਸ ਨੇ ਢਾਬੇ ਵਾਲ਼ੇ ਨੂੰ ਹਾਕ ਮਾਰੀ।
ਬੀਕੇ ਦੀ ਅਵਾਜ਼ ਨਗਾਰੇ ਵਾਂਗ ਵੱਜੀ ਸੀ।
-"ਆਇਆ ਬਾਈ ਬੀਕਿਆ...!" ਭਲਵਾਨ ਬਿੰਡੇ ਵਾਂਗ ਟਿਆਂਕਿਆ ਅਤੇ ਬੀਕੇ ਦੀ ਅਵਾਜ਼ ਦਾ ਖਿੱਚਿਆ ਹੀ ਆ ਗਿਆ।
-"ਸਾਡੇ ਬਾਈ ਜੱਸੀ ਸਿਉਂ ਨੂੰ ਦੁੱਧ ਕਾੜ੍ਹ ਕੇ ਪਿਆ..! ਇਹਨੇ ਉਹ ਸਿ਼ਕਾਰ ਮਾਰਿਐ, ਜੀਹਦੇ ਮਗਰ ਬੀਕਾ ਕਦੋਂ ਦਾ ਸਿ਼ਸ਼ਤ ਬੰਨ੍ਹੀਂ ਫਿਰਦਾ ਸੀ!"
ਭਲਵਾਨ ਸਿਰ ਝੁਕਾ, ਹੁਕਮ ਮੰਨ ਕੇ ਤੁਰ ਗਿਆ।
-"ਹਾਂ ਬਾਈ ਜੱਸੀ..! ਬੋਲ ਬਾਈ ਸਿਆਂ, ਕੀ ਸੇਵਾ ਕਰ ਸਕਦੈਂ ਮੈਂ..?" ਬੀਕੇ ਨੇ ਗੱਲ ਦਾ ਰੁੱਖ ਬਦਲਿਆ।
-"ਬਾਈ ਬੀਕਿਆ..! ਮੇਰੀ ਤਾਂ ਤੇਰੇ ਮੂਹਰੇ ਇਕ ਈ ਬੇਨਤੀ ਐ...!"
-"ਬੇਨਤੀ ਨਹੀਂ, ਹੁਕਮ ਸੁਣਾ ਬਾਈ ਸਿਆਂ...! ਹੁਕਮ ਸੁਣਾਂ ਮੈਨੂੰ..!! ਮੈਂ ਫੇਰ ਵੀ ਤੇਰਾ ਬੀਕਾ ਬਾਈ ਐਂ..!" ਬੀਕੇ ਨੇ ਇਕ ਲੰਡਾ ਪੈੱਗ ਹੋਰ ਅੰਦਰ ਸੁੱਟਿਆ। ਉਸ ਦੀਆਂ ਗੇਰੂ ਅੱਖਾਂ ਦਾ ਰੰਗ ਹੋਰ ਭਿਆਨਕ ਹੁੰਦਾ ਜਾ ਰਿਹਾ ਸੀ।
ਬੋਤਲ ਉਸ ਸਾਹਮਣੇ ਬਾਰੂਦ ਬਣਦੀ ਜਾ ਰਹੀ ਸੀ।
-"ਬਾਈ ਜਿਹੜਾ ਕੁਛ ਤੂੰ ਦੇਖਿਐ-ਉਹ, ਓਹ ਗੱਲ ਨਹੀਂ, ਜਿਹੜੀ ਤੂੰ ਸਮਝ ਰਿਹੈਂ..।" ਜੱਸੀ ਦੀ ਗੱਲ 'ਤੇ ਬੀਕੇ ਨੇ ਰੱਤੀਆਂ ਅੱਖਾਂ ਉਪਰ ਚੁੱਕੀਆਂ। ਅੱਖਾਂ ਦੇ ਲਾਲ ਡੋਰਿਆਂ ਵਿਚ ਕੋਈ ਭੇਦ ਛੁਪਿਆ ਹੋਇਆ ਸੀ। ਕੋਈ ਕਾਤਲ ਭੇਦ..!
-"ਮੈਂ ਤਾਂ ਕੁਛ ਵੀ ਨ੍ਹੀ ਸਮਝਿਆ..! ਕੀ ਸਮਝਿਐ ਮੈਂ ਬਾਈ ਸਿਆਂ..?" ਉਸ ਨੇ ਜੱਸੀ ਨੂੰ ਉਲ਼ਝਾ ਲਿਆ।
ਭਲਵਾਨ ਕਾੜ੍ਹਿਆ ਹੋਇਆ ਦੁੱਧ ਰੱਖ ਗਿਆ।
ਪਰ ਜੱਸੀ ਦੀ ਵੱਢੀ ਰੂਹ ਨਹੀਂ ਕਰਦੀ ਸੀ।
-"ਬਾਈ ਬੀਕਿਆ, ਹਨੀ ਬਹੁਤ ਚੰਗੀ ਕੁੜੀ ਐ...।"
-"ਮੈਂ ਕਦੋਂ ਕਿਹੈ ਬਈ ਹਨੀ ਮਾੜੀ ਕੁੜੀ ਐ? ਨ੍ਹਾਂ ਮੈਂ ਕਿਹੈ ਬਾਈ ਸਿਆਂ..? ਉਹਦੇ ਅਰਗੀ ਚੰਗੀ ਕੁੜੀ ਤਾਂ ਸਾਰੇ ਕਾਲਜ 'ਚ ਹੈਨ੍ਹੀ..!" ਉਸ ਨੇ ਜੱਸੀ ਦੀ ਗੱਲ ਕੱਟ ਕੇ ਕਿਹਾ।
ਜੱਸੀ ਨੂੰ ਬੀਕੇ ਸਾਹਮਣੇ ਕੋਈ ਗੱਲ ਨਹੀਂ ਔੜ ਰਹੀ ਸੀ।
ਉਹ ਖਿਆਲਾਂ ਦੀ ਉਧੇੜਬੁਣ ਵਿਚ ਉਲਝਿਆ ਪਿਆ ਸੀ।
-"ਬਾਈ ਬੀਕਿਆ...!"
-"ਹਾਂ ਬਾਈ ਸਿਆਂ...?" ਉਹ ਮਸ਼ੀਨ ਵਾਂਗ ਬੋਲਿਆ।
-"ਜਿਹੜੀ ਗੱਲ ਤੂੰ ਮੇਰੀ ਤੇ ਹਨੀ ਆਲ਼ੀ ਦੇਖੀ ਐ, ਉਹਨੂੰ ਬਾਈ ਬਣਕੇ ਕਿਸੇ ਨੂੰ ਦੱਸੀਂ ਨਾ, ਉਹਦੇ 'ਤੇ ਆਪਾਂ ਮਿੱਟੀ ਪਾਈਏ..!"
-"ਪਾਅਤੀ...! ਆਪਾਂ ਕਿਤੋਂ ਕੁਛ ਲੈਣ ਜਾਣੈਂ...? ਤੂੰ ਹੁਕਮ ਕਰ...! ਬੀਕਾ ਤੇਰਾ ਵੱਡਾ ਬਾਈ ਐ ਬਾਈ ਸਿਆਂ..!" ਉਸ ਨੇ ਤੁਰੰਤ ਉਤਰ ਦਿੱਤਾ।
ਜੱਸੀ ਦਾ ਦਿਲ ਹੌਲ਼ਾ ਹੋ ਗਿਆ। ਪਰ ਉਸ ਦਾ ਮਨ ਕਿਸੇ ਗ਼ੈਬੀ ਭੈਅ ਕਾਰਨ ਅਜੇ ਵੀ ਧੁੜਕੂ ਮੰਨੀ ਜਾ ਰਿਹਾ ਸੀ ਕਿ ਬੀਕਾ ਬੜਾ ਦੁਸ਼ਟ ਅਤੇ ਬੇਰਹਿਮ ਬੰਦਾ ਸੀ। ਹੁਣ ਉਹ ਹਨੀ ਦਾ ਛੇਤੀ ਕੀਤੇ ਖਹਿੜ੍ਹਾ ਛੱਡਣ ਵਾਲ਼ਾ ਨਹੀਂ ਸੀ। ਉਸ ਦੇ ਉਜਾੜੇ ਘਰ ਮੁੜ ਨਹੀਂ ਵਸੇ ਸਨ। ਚੱਟੇ ਦਰੱਖ਼ਤ ਹਰੇ ਨਹੀਂ ਹੋਏ ਸਨ।
-"ਮੈਂ ਤਾਂ ਕੀ ਹੁਕਮ ਕਰਨਾ ਸੀ ਬਾਈ ਬੀਕਿਆ..? ਮੇਰੀ ਮਿੰਨਤ ਐ..! ਬੱਸ ਇਸ ਗੱਲ 'ਤੇ ਮਿੱਟੀ ਪਾ ਦੇਹ, ਹਨੀ ਦੀ ਇੱਜ਼ਤ ਰਹਿ ਜਾਵੇ, ਤੇਰਾ ਸਾਰੀ ਜਿ਼ੰਦਗੀ ਰਿਣੀਂ ਰਹੂੰਗਾ...!"
-"ਉਹ ਤਾਂ ਪਾ ਦਿਆਂਗੇ..! ਸਾਨੂੰ ਕੀ ਫ਼ਾਇਦਾ..? ਕੱਟੇ ਨੂੰ ਮਣ ਦੁੱਧ ਦਾ ਕੀ ਭਾਅ..? ਪਰ ਸਾਡੀ ਗੱਲ ਤਾਂ ਤੂੰ ਮੰਨਦਾ ਨ੍ਹੀ..!" ਉਸ ਨੇ ਸਿ਼ਕਵਾ ਦਿਖਾਇਆ।
-"ਬੋਲ ਬਾਈ..? ਜਲਦੀ ਬੋਲ, ਬਾਈ ਬਣਕੇ..!" ਜੱਸੀ ਨੇ ਉਠ ਕੇ ਬੀਕੇ ਦੇ ਊਠ ਵਰਗੇ ਗੋਡੇ ਫੜ ਲਏ।
-"ਲੈ ਫੜ ਪੀ..! ਤੇ ਹੁਣ ਨਾਂਹ ਨਾ ਕਰੀਂ..!" ਬੀਕੇ ਨੇ ਬੋਤਲ ਅਤੇ ਗਿਲਾਸ ਜੱਸੀ ਅੱਗੇ ਕਰ ਦਿੱਤੇ ਅਤੇ ਇਕ ਤਕੜਾ ਪੈੱਗ ਪਾ ਦਿੱਤਾ। ਮਜਬੂਰੀ ਵਿਚ ਹੁਕਮ ਮੰਨਦੇ ਹੋਏ ਜੱਸੀ ਨੇ ਅੱਖਾਂ ਮੀਟ ਕੇ ਪੈੱਗ ਇਕ ਦਮ ਅੰਦਰ ਸੁੱਟਿਆ ਤਾਂ ਉਸ ਦੇ ਅੰਦਰ ਅੱਗ ਦਾ ਭਾਂਬੜ ਬਲ਼ ਉਠਿਆ। ਪਹਿਲੀ ਵਾਰ ਪੀਤੀ ਦਾਰੂ ਨੇ ਉਸ ਨੂੰ ਪੱਠਾ ਲਾ ਦਿੱਤਾ ਸੀ। ਜੁਆਲਾ ਮੁਖੀ ਦੇ ਲਾਵੇ ਵਾਂਗ ਦਗਦੀ ਦਾਰੂ ਉਸ ਦੇ ਹਲ਼ਕ ਹੇਠੋਂ ਉਤਰੀ ਸੀ। ਜਿਸ ਨੇ ਉਸ ਦਾ ਅੰਦਰ 'ਲੂਹ' ਧਰਿਆ ਸੀ।
ਬੀਕੇ ਨੇ ਉਸ ਸਾਹਮਣੇ ਆਮਲੇਟ ਦੀ ਪਲੇਟ ਕਰ ਦਿੱਤੀ।
ਜੱਸੀ ਨੇ ਚਮਚਾ ਮੂੰਹ ਵਿਚ ਪਾ ਲਿਆ।
ਪਰ ਅੰਦਰੋਂ ਉਸ ਦੇ ਅਜੇ ਵੀ ਭੜ੍ਹਦਾਅ ਨਿਕਲ਼ ਰਹੀ ਸੀ।
ਮੱਥੇ 'ਤੇ ਮੁੜ੍ਹਕਾ ਆ ਗਿਆ ਸੀ।
ਸਰੀਰ ਅੰਦਰ ਭੰਦਰੋਲ਼ ਪੈ ਗਿਆ ਸੀ।
-"ਬੱਸ ਬਾਈ ਬੀਕਿਆ...! ਮੈਂ ਤੇਰੀ ਗੱਲ ਨ੍ਹੀ ਮੋੜੀ, ਬੱਸ ਹੁਣ ਨ੍ਹੀ ਪੀਣੀ..!" ਉਹ ਸਾਹ ਰੋਕੀ, ਆਪਣੀ ਛਾਤੀ 'ਤੇ ਧੱਫ਼ੇ ਮਾਰੀ ਜਾ ਰਿਹਾ ਸੀ।
-"ਮੈਂ ਵੀ ਤੇਰੀ ਗੱਲ ਨ੍ਹੀ ਮੋੜੀ ਬਾਈ ਸਿਆਂ..!"
-"ਧੰਨਵਾਦ ਬਾਈ ਬੀਕਿਆ...! ਹੁਣ ਮੈਂ ਚੱਲਦੈਂ...!" ਉਠਣ ਲੱਗੇ ਜੱਸੀ ਦਾ ਸਰੀਰ ਡੋਲ ਗਿਆ। ਮੇਜ਼ 'ਤੇ ਪਿਆ ਕਾੜ੍ਹੇ ਦੁੱਧ ਦਾ ਗਿਲਾਸ ਡੁੱਲ੍ਹ ਗਿਆ।
-"ਬਚ ਕੇ ਮੋੜ ਤੋਂ ਬਾਈ ਸਿਆਂ..! ਬਚ ਕੇ ਮੋੜ ਤੋਂ..! ਇਹ ਸਹੁਰੀ ਚੀਜ ਈ ਐਹੋ ਜੀ ਐ..! ਬੰਦਾ ਮੱਲੋਮੱਲੀ ਡੋਲ ਜਾਂਦੈ..!" ਬੀਕੇ ਨੇ ਉਸ ਨੂੰ ਸੰਭਾਲ਼ ਲਿਆ। ਡਿੱਗਿਆ ਗਿਲਾਸ ਚੁੱਕ ਕੇ ਮੇਜ਼ 'ਤੇ ਰੱਖ ਦਿੱਤਾ।
ਜੱਸੀ ਮੇਜ਼ ਫ਼ੜ ਕੇ ਫਿਰ ਬੈਠ ਗਿਆ।
-"ਮੇਰੇ ਕਹੇ ਇਕ ਹੋਰ ਪੀਅ..! ਫੇਰ ਹਨੀ ਨਾਲ਼ ਮੌਜਾਂ ਮਾਣੀਂ..! ਬੁੱਲੇ ਲੁੱਟੀਂ..! ਅੱਜ ਤੋਂ ਤੂੰ ਬੀਕੇ ਦੀ ਹਿੱਕ ਦਾ ਵਾਲ਼ ਐਂ ਜੱਸੀ..! ਹਮ ਪਿਆਲਾ ਹਮ ਨਿਵਾਲਾ..! ਜਿਹੜਾ ਵੀ ਤੇਰੀ 'ਵਾਅ ਵੱਲ ਝਾਕੂ, ਪਾੜ ਕੇ ਦੋਫ਼ਾੜ ਕਰ ਦਿਆਂਗੇ..! ਅੱਜ ਤੋਂ ਬਾਅਦ ਬੀਕਾ ਤੇਰਾ ਵੱਡਾ ਬਾਈ...! ਲੈ ਖਿੱਚ ਇਕ ਹੋਰ ਹਨੀ ਦਾ ਨਾਂ ਲੈ ਕੇ...!" ਬੀਕੇ ਨੇ ਭਰਿਆ ਗਿਲਾਸ ਅੱਗੇ ਕਰ ਦਿੱਤਾ। ਜੱਸੀ ਨੇ ਹਲ਼ਕਿਆਂ ਵਾਂਗ ਬੁੱਚ੍ਹਿਆ। ਹਨੀ ਦੇ ਨਾਂ 'ਤੇ ਤਾਂ ਉਹ ਜ਼ਹਿਰ ਵੀ ਡੀਕ ਸਕਦਾ ਸੀ। ਉਸ ਨੇ ਗਿਲਾਸ ਬਿਨਾ ਸੋਚੇ ਹੀ ਖਾਲੀ ਕਰ ਦਿੱਤਾ। ਸਰੀਰਕ ਪੱਖੋਂ ਉਸ ਦੇ ਕੁੱਤੇ ਫ਼ੇਲ੍ਹ ਹੋ ਚੁੱਕੇ ਸਨ!
-"ਬਾਈ ਬੀਕਿਆ, ਅੱਜ ਤੋਂ ਹਨੀ ਦਾ ਨਾਂ ਆਪਣੀ ਜ਼ੁਬਾਨ 'ਤੇ ਨਾ ਲਿਆਈਂ..! ਉਹ ਮੇਰੀ ਜਿੰਦ ਐ, ਜਾਨ ਐ..! ਉਹ ਮੇਰੀ ਰੂਹ ਦੀ, ਮੇਰੀ ਆਤਮਾਂ ਦੀ ਜੋਤ ਐ..! ਮੇਰੇ ਸਾਹਾਂ ਦੀ ਲੜੀ ਅਤੇ ਮੇਰੇ ਦਿਲ ਦੀ ਧੜਕਣ ਐਂ..! ਉਸ ਦਾ ਪਵਿੱਤਰ ਨਾਂ ਮੁੜ ਕੇ ਆਪਣੀ ਗੰਦੀ ਜ਼ਬਾਨ 'ਤੇ ਨਾ ਲਿਆਈਂ, ਸਮਝ ਗਿਆ..?" ਸ਼ਰਾਬੀ ਹਾਲਤ ਵਿਚ ਜੱਸੀ ਨੇ ਬੀਕੇ ਦਾ ਗਲ਼ਾਵਾਂ ਫੜ ਲਿਆ। ਉਹ ਅਲ਼ਕ ਵਹਿੜਕੇ ਵਾਂਗ ਖੜ੍ਹਾ ਝੂਲ ਰਿਹਾ ਸੀ। ਅੱਖਾਂ ਉਪਰ ਚੜ੍ਹੀਆਂ ਹੋਈਆਂ ਸਨ। ਉਸ ਨੂੰ ਕੋਈ ਸੁਰਤ ਸੰਭਾਲ਼ ਨਹੀਂ ਸੀ।
-"ਜਮਾਂ ਨੀ ਲਿਆਉਂਦਾ ਬਾਈ ਸਿਆਂ, ਜਮਾਂ ਨ੍ਹੀ ਲਿਆਉਂਦਾ, ਹੋਰ ਦੱਸ..? ਮੇਰਾ ਗਲਮਾਂ ਤਾਂ ਛੱਡ ਦੇਹ ਖਸਮਾਂ..! ਮੈਂ ਹਨੀ ਦਾ ਨਾਂ ਆਪਣੀ ਜੁਬਾਨ 'ਤੇ ਕਿਉਂ ਲਿਆਊਂ..? ਹਨੀ ਤੇਰੀ...!" ਗੱਲ ਬੀਕੇ ਦੇ ਮੂੰਹ ਵਿਚ ਹੀ ਸੀ ਕਿ ਜੱਸੀ ਉਸ ਦੇ ਗਲ਼ ਨੂੰ ਚਿੰਬੜ ਗਿਆ। ਪਰ ਸ਼ਰਾਬ ਦੇ ਅਥਾਹ ਨਸ਼ੇ ਕਾਰਨ ਲੁੜਕ ਗਿਆ। ਬੀਕੇ ਨੇ ਉਸ ਨੂੰ ਖਲ਼ ਦੀ ਬੋਰੀ ਵਾਂਗ ਬੋਚਿਆ ਹੋਇਆ ਸੀ।
-"ਭਲਵਾਨਾਂ..! ਆਹ ਫੜ ਬਈ ਆਪਣੇ ਬਾਈ ਸਿਉਂ ਨੂੰ..! ਸੰਭਾਲ਼ ਇਹਨੂੰ ਬਰੀ ਦੇ ਤਿਔਰ ਨੂੰ...! ਇਹ ਤਾਂ ਹਨੀ ਦੇ ਨਾਂ ਨੂੰ ਜਮਾਂ ਈ ਪੈਂਚਰ ਹੋ ਗਿਆ ਖ਼ਸਮਾਂ ਨੂੰ ਖਾਣਾਂ..! ਮੰਜਾ ਮੁੰਜਾ ਦੇਹ ਇਹਨੂੰ ਪੈਣ ਵਾਸਤੇ..! ਇਹ ਤਾਂ ਮਾੜੀ ਜੀ ਯਾਰੀ ਲਾ ਕੇ ਈ ਧੂੰਆਂ ਮਾਰਨ ਲੱਗ ਪਿਆ, ਜਿੱਦੇਂ ਬਿਸਤਰੇ ਦੀ ਪੌੜੀ ਚੜ੍ਹਿਆ, ਪਤਾ ਨ੍ਹੀ ਕੀਰਤਪੁਰ ਸਾਹਿਬ ਫ਼ੁੱਲ ਈ ਪਾ ਕੇ ਆਉਣੇ ਪੈਣਗੇ..?" ਬੀਕਾ ਹੱਸ ਪਿਆ।
ਭਲਵਾਨ ਨੇ ਆ ਕੇ ਜੱਸੀ ਨੂੰ ਮੰਜੇ 'ਤੇ ਪਾ ਦਿੱਤਾ।
ਉਹ ਬੁੜ-ਬੁੜ ਕਰਦਾ ਸੌਂ ਗਿਆ।
ਉਸ ਦੇ ਘੁਰਾੜ੍ਹੇ ਘਰਾਟ ਵਾਂਗ ਚੱਲਣ ਲੱਗ ਪਏ।
ਸ਼ਾਮ ਨੂੰ ਜਦੋਂ ਜੱਸੀ ਦੀ ਅੱਖ ਖੁੱਲ੍ਹੀ ਤਾਂ ਉਸ ਦਾ ਸਾਰਾ ਸਰੀਰ ਚਸਕਾਂ ਮਾਰ ਰਿਹਾ ਸੀ। ਜਿਵੇਂ ਕਿਸੇ ਨੇ ਉਸ ਦਾ ਸਰੀਰ ਡਾਂਗਾਂ ਨਾਲ਼ ਕੁੱਟਿਆ ਸੀ। ਸਿਰ ਵਿਚ ਚੀਸਾਂ ਪੈ ਰਹੀਆਂ ਸਨ ਅਤੇ ਪੁੜਪੜੀਆਂ 'ਟੱਸ-ਟੱਸ' ਵੱਜੀ ਜਾ ਰਹੀਆਂ ਸਨ। ਉਸ ਨੇ ਉਠ ਕੇ ਠੰਢਾ ਪਾਣੀ ਪੀਤਾ। ਪਾਣੀ ਜਿਵੇਂ ਬਲ਼ਦੇ ਕੋਲਿਆਂ 'ਤੇ ਡਿੱਗਿਆ ਸੀ। ਉਸ ਦਾ ਅੰਦਰ 'ਸਰੜ-ਸਰੜ' ਕਰਕੇ ਮੱਚਿਆ। ਉਸ ਦਾ ਜੀਅ ਘਿਰ ਰਿਹਾ ਸੀ। ਲੱਤਾਂ ਵਿਚ ਤਾਕਤ ਨਹੀਂ ਸੀ।
ਜੱਸੀ ਡਿੱਗਦਾ ਢਹਿੰਦਾ ਬੱਸ ਸਟੈਂਡ 'ਤੇ ਪਹੁੰਚਿਆ ਅਤੇ ਪਿੰਡ ਜਾਣ ਵਾਲ਼ੀ ਬੱਸ ਫੜ ਲਈ।
ਅਗਲੇ ਦਿਨ ਪਾਰਕ ਦੇ ਖੂੰਜੇ ਉਸ ਨੂੰ ਹਨੀ ਮਿਲ਼ ਪਈ।
ਸ਼ਰਾਬ ਪੀਣ ਵਾਲ਼ੀ ਗੱਲ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਤਾ ਲੱਗ ਗਈ ਸੀ।
ਉਹ ਆਪੇ ਤੋਂ ਬਾਹਰ ਹੋਈ ਪਈ ਸੀ। ਅਤੀਅੰਤ ਗੁੱਸੇ...!
![]() |
ਸ਼ਿਵਚਰਨ ਜੱਗੀ ਕੁੱਸਾ |
ਬਾਕੀ ਅਗਲੇ ਅੰਕ ...