Monday, 21 November 2011

ਹਰਮੇਲ ਪਰੀਤ

ਸਵਾਲ
ਤੂੰ ਪੁੱਛਦੈਂ
ਤੂੰ ਮੇਰੇ ਲਈ ਕੀ ਏਂ?
ਝੱਲਾ ਨਹੀਂ ਜਾਣਦਾ
ਮੁਹੱਬਤ ਵਿੱਚ
ਏਹੋ ਜਿਹੇ ਸਵਾਲਾਂ ਦਾ
ਕੋਈ ਵਜ਼ੂਦ ਨਹੀਂ ਹੁੰਦਾ।
ਵੈਸੇ ਵੀ
ਕੁੱਝ ਗੱਲਾਂ
ਦੱਸਣ ਵਾਲੀਆਂ ਨਹੀਂ
ਮਹਿਸੂਸ ਕਰਨ ਵਾਲੀਆਂ ਹੁੰਦੀਐਂ।
ਕੁੱਝ ਸਵਾਲ ਐਸੇ ਹੁੰਦੇ ਨੇ
ਜਿੰਨਾਂ ਦੇ ਜਵਾਬਾਂ ਨੂੰ
ਸ਼ਬਦ ਮੇਚ ਨਹੀਂ ਆਉਂਦੇ।
ਪਰ ਜੇ ਤੂੰ
ਪੁੱਛ ਹੀ ਲਿਐ
ਤਾਂ ਸੁਣ
ਮੈਂ ਤੇਰੇ ਬਿਨਾਂ ਕੁੱਝ ਨਹੀਂ । 

ਹਰਮੇਲ ਪਰੀਤ
9417333316

ਸਤਵੰਤ ਸਿੰਘ ਗਰੇਵਾਲ

ਕਿਨ੍ਹਾਂ ਖ਼ਤਰਨਾਕ ਦਿ੍ਸ਼ ਹੈ

ਕਿਨ੍ਹਾਂ ਖ਼ਤਰਨਾਕ ਦਿ੍ਸ਼ ਹੈ
ਮੇਰੇ ਅੱਖਾਂ ਸਾਹਮਣੇ ਸਾਗਰ'ਚ ਡੁੱਬ ਰਹੀ ਹੈ
ਉਹ ਬੇੜੀ ਜਿਸ ਦਾ ਮੈਂ ਆਪ ਹੀ ਮਲਾਹ ਹਾਂ ।

ਮੈਂ ਜੋ ਅੱਜ ਹਾਂ ਨਹੀਂ ਰਹਾਗਾਂ ਕੱਲ੍ਹ
ਸੱਭ ਕੁੱਝ ਡੁੱਬ ਜਾਵੇਗਾ ਬੇੜੀ ਨਾਲ
ਇਲਮ ਇਮਾਨ ਇਸ਼ਾਵਾਂ ।

ਦਰਵੇਸ਼ ਦਿਲ : ਕਈ ਦਿਸ਼ਾਵਾਂ'ਚ ਪੋਰੀ-ਪੋਰੀ ਹੋ ਚੁੱਕਾ
ਮੁਮਕਿਨ ਨਹੀਂ : ਇੱਕ ਕਬਰ ਵਿੱਚ ਦਫ਼ਨ ਹੋ ਸਕੇ
ਕਿੱਥੇ-ਕਿੱਥੇ ਉਗ ਸਕੇਗੀ ਤੂੰ ਗੁਲਾਬ ਬਣ ਕੇ
ਤੇਰੇ ਤੌਂ ਬਿਨ੍ਹਾਂ ਮੇਰਾ ਕੋਈ ਘਰ-ਘਾਟ ਨਹੀਂ ।

ਮੈਂ ਚੀਕਦਾ ਹਾਂ ਹੁਣ ਤੇਰੀ ਗੈਰਹਾਜ਼ਰੀ ਤੇ ਹੌਂਦ ਵਿੱਚ ਵੀ
ਜਿਵੇਂ ਅੱਜ ਅਰਥ ਮਿਲ ਗਏ ਹੋਣ
ਅਵਾਰਾ ਬਦ-ਦੁਆਵਾਂ ਨੂੰ
ਤੇ ਮੇਰਾ ਪਿਆਰ ਮੇਰੇ ਲਈ ਦੁਰਸੀਸ ਬਣ ਚੁੱਕਾ ਹੈ ।

ਸਤਵੰਤ ਸਿੰਘ ਗਰੇਵਾਲ

ਸੁਰਜੀਤ ਗੱਗ

ਬਾਂਝ ਕਲਮਾਂ
 
ਨਹੀਂ
ਕਲਮਾਂ ਕਦੇ ਬਾਂਝ ਨਹੀਂ ਹੁੰਦੀਆਂ
ਪਰ ਕੁੱਝ ਕਲਮਾਂ
ਕਾਗਜ਼ਾਂ ਦਾ ਗਰਭਪਾਤ ਕਰਨ ਲਈ ਹੀ
ਭੋਗ ਕਰਦੀਆਂ ਨੇ
ਕਾਗਜ਼ਾਂ ਨਾਲ ਜ਼ਬਰਦਸਤੀ ਕਰਦੀਆਂ ਨੇ
ਤੇ ਜਨਮਦੀਆਂ ਨੇ
ਪੋਲੀਓ ਦੇ ਮਾਰੇ ਹੋਏ
ਅੱਖਰ
ਜੋ ਚੱਲਣ ਲੱਗੇ ਲੜਖੜਾਉਂਦੇ ਨੇ
ਤੇ ਪਾਠਕਾਂ ਨੂੰ ਬਣਾਉਂਦੇ ਨੇ
ਅਧਰੰਗ ਦੇ ਮਰੀਜ਼
ਇੱਕ ਸੰਤੁਲਿਤ ਵਾਤਾਵਰਨ ਸਿਰਜਣ ਤੋਂ
ਅਸਮਰੱਥ
ਇਨ੍ਹਾਂ ਫੰਡਰ ਕਲਮਾਂ ਦਾ
ਬਾਂਝ ਹੋ ਜਾਣਾ ਹੀ
ਸਮਾਜ ਦੇ ਹਿਤ ਵਿੱਚ ਹੈ
ਉੰਝ ਕਲਮਾਂ ਕਦੇ ਬਾਂਝ ਨਹੀਂ ਹੁੰਦੀਆਂ
ਪਰ ਇਨ੍ਹਾਂ ਦੀ ਕੁੱਖੋਂ
ਕਪੂਤ ਵੀ ਉੱਗ ਪੈਂਦੇ ਨੇ
ਤੇ ਬਦਕਾਰਾਂ ਵੀ
ਉੰਝ ਕਲਮਾਂ ਕਦੇ ਬਾਂਝ ਨਹੀਂ ਹੁੰਦੀਆਂ

ਸੁਰਜੀਤ ਗੱਗ

ਪ੍ਰਭਜੋਤ ਕੌਰ


ਮੈਂ ਤਾਂ ਕਣਕ ਸਾਂ

ਮੇਰੇ ਪਿਆਰ ਦਾ ਮੁੱਲ ਜਦ ਨਾ ਪਿਆ
ਮੈਂ ਮਰਨਾ ਲੋਚਿਆ
ਜਦ ਪਿਆਰ ਦਾ ਮੁੱਲ ਪਿਆ
ਤਾਂ ਜੀਣਾ ਲੋਚਿਆ  
ਅੱਜ ਦੀ ਸਥਿਤੀ ਚੱਕੀ ਬਣ ਗਈ
ਤੇ ਮੈਂ ਦੋ ਪੁੜਾਂ ਵਿਚਕਾਰ ਕਣਕ ਬਣ ਗਈ
ਕੋਈ ਛੱਡਣਾ ਚਾਹੁੰਦਾ ਸੀ
ਕੋਈ ਨੇੜਤਾ ਵਧਾਉਂਦਾ ਸੀ
ਮੇਰੀ ਸਾਰ ਕਿਸੇ ਨਾ ਲਈ
ਕਿਉਕਿ ਮੈਂ ਤਾਂ ਕਣਕ ਸਾਂ
ਪਰ ਹੁਣ ਪਿਸ ਕੇ ਆਟਾ ਬਣ ਗਈ !!

ਪ੍ਰਭਜੋਤ ਕੌਰ 

Sunday, 20 November 2011

ਮਨਦੀਪ ਖੁਰਮੀ ਹਿੰਮਤਪੁਰਾ

ਆਤਮ ਹੱਤਿਆ ਨਹੀਂ..... ਪ੍ਰਾਪਤੀ ਦੇ ਰਾਹ ਪੈ ਵੇ ਲੋਕਾ

ਪਿਆਰੇ ਪੰਜਾਬ ਤੋਂ ਆਉਂਦੀ ਹਰ ਠੰਢੀ ਤੱਤੀ ਹਵਾ ਅਖਬਾਰਾਂ ਰਾਹੀਂ ਮਨ ਉੱਪਰ ਆਪਣਾ ਅਸਰ ਕਰਦੀ ਰਹਿੰਦੀ ਹੈ। ਰਾਜਨੀਤੀਵਾਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਕੁੱਤ ਪੋਹ ਤੋਂ ਲੈ ਕੇ ਕਤਲਾਂ,
ਲੁੱਟਾਂ ਖੋਹਾਂ ਜਾਂ ਫਿਰ ਥਾਂ ਥਾਂ ਨਾਅਰੇ ਮਾਰਦੇ ਲੋਕਾਂ ਦੀਆਂ ਖਬਰਾਂ ਹੀ ਪੜ੍ਹਨ ਨੂੰ ਮਿਲਦੀਆਂ ਨੇ। ਹਰ ਰੋਜ ਅਖਬਾਰ ਦੀ ਪਹਿਲੀ ਸੁਰਖੀ ਦੇਖਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਇਹੀ ਅਰਦਾਸ ਹੁੰਦੀ ਹੈ ਕਿ "ਹੇ ਮਾਲਕਾ! ਖੈਰ ਸੁੱਖ ਹੋਵੇ.... ਬਰੂਦ ਦੇ ਢੇਰ 'ਤੇ ਬਿਠਾਏ ਪੰਜਾਬ 'ਚ..!" ਪਰ ਹਰ ਰੋਜ਼ ਹੀ ਅਰਦਾਸ ਵੀ ਨਿਸਫਲ ਹੋ ਜਾਂਦੀ ਐ ਜਦੋਂ ਕਿੱਧਰੇ ਕਤਲ ਹੋਇਆ ਸੁਣੀਂਦੈ, ਕਿੱਧਰੇ ਕਿਸੇ ਨੂੰ ਅਗਵਾ ਕਰਕੇ ਫਿਰੌਤੀ ਮੰਗੀ ਸੁਣੀਂਦੀ ਐ, ਕਿੱਧਰੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਸਰਕਾਰੀ ਦੱਬੇ ਦੀ ਖ਼ਬਰ ਸੁਣੀਂਦੀ ਐ ਤੇ ਕਿਧਰੇ ਨਵਜੰਮੀ ਬਾਲੜੀ ਦੇ ਗੰਦੇ ਨਾਲੇ ਆਦਿ 'ਚੋਂ ਮਿਲੇ ਭਰੂਣ ਬਾਰੇ ਖ਼ਬਰ ਸੁਣੀਂਦੀ ਐ..! ਕੀ ਹੋ ਗਿਐ ਪੰਜਾਬ ਨੂੰ? ਕਿਸ ਮਾਰੂ ਰੋਗ ਨੇ ਮਾਰ ਲਿਐ ਗੁਲਾਬ ਦਾ ਫੁੱਲ? ਕਿਹਨਾਂ ਦੀਆਂ ਬਦਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ ਲੋਕ? ਕਿਉਂ ਲੋਕ ਸੰਘਰਸ਼ਾਂ ਦਾ ਰਾਹ ਛੱਡਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ? ਕਿਉਂ... ਕਿਉਂ.... ਕਿਉਂ?
ਇਹਨਾਂ ਸਵਾਲਾ ਦੇ ਜਵਾਬ ਮਨ ਨੂੰ ਅਜੀਬ ਜਿਹੀ ਘੁੰਮਣਘੇਰੀ 'ਚ ਪਾ ਦਿੰਦੇ ਨੇ। ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਬਾਰੇ ਸੁਣਿਆ ਸੀ ਪਰ ਹੁਣ ਤਾਂ ਪੰਜਾਬ ਦੇ ਜਾਏ ਸੰਘਰਸਾਂ ਦਾ ਰਾਹ ਤਿਆਗ ਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ। ਚਾਹੇ ਕੋਈ ਈ. ਜੀ. ਐੱਸ. ਵਰਕਰ ਹੋਵੇ ਜਾ ਈ.ਟੀ.ਟੀ. ਹੋਵੇ, ਬੀ. ਐੱਡ. ਅਧਿਆਪਕ ਹੋਵੇ ਜਾਂ ਫਿਰ ਕੋਈ ਹੋਰ ਹੋਵੇ ਜੋ ਅੱਖਰ ਗਿਆਨ ਹਾਸਲ ਕਰਕੇ ਨੌਕਰੀ ਲੈਣ ਤੱਕ ਪੁੱਜਾ ਹੋਵੇ... ਸਭ ਨੂੰ ਇੰਨਾ ਕੁ ਤਾਂ ਗਿਆਨ ਹੋਵੇਗਾ ਹੀ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਂਦੀ। ਕੀ ਕਿਸੇ ਨੇ ਇਹ ਸੁਣਿਆ ਹੈ ਕਿ ‘ਮਰੇ ਬਿਨਾਂ ਮਾਂ ਦੁੱਧ ਨਹੀਂ ਪਿਆਉਂਦੀ?’..... ਇਹ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਰਕਾਰਾਂ ਤੋਂ ਕੁਝ ਲੈਣਾ ਹੈ ਤਾਂ ਸੰਘਰਸ਼ ਹੀ ਇੱਕੋ ਇੱਕ ਰਾਹ ਹੈ ਜਿਸਦੇ ਜ਼ਰੀਏ ਖੁਦ ਅਤੇ ਦੂਜਿਆਂ ਨੂੰ ਕੁਝ ਹਾਸਲ ਹੋ ਸਕਦਾ ਹੈ।
ਖੁਦ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਕਿੱਥੋਂ ਕੁ ਦੀ ਸਿਆਣਪ ਹੈ? ਪੰਜਾਬ ਵਿੱਚ ਹੱਕਾਂ ਦੀ ਪ੍ਰਾਪਤੀ ਲਈ ਜੂਝ ਰਹੇ ਵੀਰੋ, ਭੈਣੋ ਇਤਿਹਾਸ ਗਵਾਹ ਹੈ ਕਿ ਹੱਕ ਸੰਘਰਸ਼ ਕਰਿਆਂ ਹੀ ਪ੍ਰਾਪਤ ਹੋਏ ਹਨ। ਜੇ ਦੇਸ਼ ਦੇ ਆਜਾਦੀ ਸੰਗਰਾਮ ਵੇਲੇ ਵੀ ਗਦਰੀ ਬਾਬੇ, ਕਰਤਾਰ ਸਰਾਭਾ, ਭਗਤ ਸਿੰਘ, ਊਧਮ ਸਿੰਘ ਆਦਿ ਤੁਹਾਡੇ ਵਾਲੇ ‘ਖੁਦਕੁਸ਼ੀ ਮਾਰਕਾ ਫਾਰਮੂਲੇ’ ਵਰਤਣ ਲੱਗਦੇ ਤਾਂ ਸ਼ਾਇਦ ਹੀ ਐਡੀ ਤਕੜੀ ਲਾਮਬੰਦੀ ਹੋਣੀ ਸੀ ਕਿਉਂਕਿ ਲਾਮਬੰਦੀ ਕਰਨ ਵਾਲਿਆਂ ਨੇ ਤਾਂ ਪਹਿਲਾਂ ਹੀ ਖੁਦ ਨੂੰ ਅੱਗ ਲਾ ਕੇ ਸੜ ਮਰਨਾ ਸੀ। ਬੜਾ ਦੁਖੀ ਕੀਤਾ ਈ. ਜੀ. ਐੱਸ. ਵਲੰਟੀਅਰ ਭੈਣ ਕਿਰਨਜੀਤ ਕੌਰ ਦੀ ਮੌਤ ਨੇ... ਉਸ ਤੋਂ ਵੀ ਵਧੇਰੇ ਦੁੱਖ ਉਦੋਂ ਹੋਇਆ ਜਦੋਂ ਪੜ੍ਹੇ ਲਿਖੇ ਵਰਗ ਦੇ ਫੂਹੜ ਆਗੂ ਦਾ ਦੂਜੇ ਦਿਨ ਹੀ ਅਖਬਾਰੀ ਬਿਆਨ ਪੜ੍ਹਿਆ ਕਿ ‘ਕਿਰਨਜੀਤ ਵਾਂਗ ਕੁਰਬਾਨੀ ਲਈ ਹੋਰ ਵੀ ਬਹੁਤ ਤਿਆਰ ਹਨ।’ ਅਜਿਹੇ ਬਿਆਨ ਖਾਸ ਕਰਕੇ ਅਧਿਆਪਕ ਵਰਗ ਦੇ ਮੂੰਹੋਂ ਨਿਕਲਣੇ ਹੀ ਦਰਸਾ ਦਿੰਦਾ ਹੈ ਕਿ ਭਵਿੱਖ ਦੇ ਨੇਤਾਵਾਂ ਨੂੰ ਉਹ ਕਿਹੋ ਜਿਹੀ ਨਰੋਈ ਸੇਧ ਦੇ ਦੇਣਗੇ। ਖੁਦਕੁਸ਼ੀਆਂ ਰਾਹੀਂ ਆਪਣੇ ਹੱਕ ਲੈਣ ਦੇ ਭੁਲੇਖੇ ਵਿੱਚ ਵਿਚਰ ਰਹੇ ਮੇਰੇ ਵੀਰ ਭੈਣਾਂ ਕੀ ਆਪਣੇ ਚੇਲੇ ਬਾਲਕਿਆਂ ਨੂੰ ਵੀ ਇਹੀ ਸਿੱਖਿਆ ਦੇਣਗੇ ਕਿ ਜਦੋਂ ਤੁਹਾਡੀ ਗੱਲ ਨਾ ਸੁਣੀ ਜਾਂਦੀ ਹੋਵੇ ਤਾਂ ਚੁੱਕੋ ਮਿੱਟੀ ਦੇ ਤੇਲ ਦੀ ਬੋਤਲ, ਪਿੰਡੇ ‘ਤੇ ਛਿੜਕੋ ਤੇ ਲਾਓ ਤੀਲੀ....? ਘੱਟੋ ਘੱਟ ਇਹੋ ਜਿਹਾ ਰੁਝਾਨ ਇੱਕ ਪੜ੍ਹੇ ਲਿਖੇ ਵਰਗ ਦੇ ਜਿਹਨ ਦਾ ਹਿੱਸਾ ਬਣਨਾ ਦੇਸ਼ ਦੇ ਸਿੱਖਿਆਤੰਤਰ ਦੀਆਂ ਜੜ੍ਹਾਂ ਵਿੱਚ ਘੁਣ ਨਹੀਂ ਤਾਂ ਹੋਰ ਕੀ ਕਿਹਾ ਜਾਵੇਗਾ? ਇੱਕ ਅਧਿਆਪਕ ਤੋਂ ਨਰੋਏ ਸਮਾਜ ਦੀ ਸਥਾਪਨਾ ਦੀ ਆਸ ਰੱਖੀ ਜਾਂਦੀ ਹੈ, ਪਰ ਖੁਦਕੁਸ਼ੀਆਂ ਦੇ ਡਰਾਵੇ ਜਾਂ ਖੁਦਕੁਸ਼ੀਆਂ ਕਰ ਕੇ ਅਧਿਆਪਕ ਬਣਿਆਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਆਪਣੀ ਹੱਕੀ ਆਵਾਜ ਸੁਣਾਉਣ ਲਈ ਉੱਚੀਆਂ ਥਾਵਾਂ ਦੀ ਲੋੜ ਨਹੀਂ ਹੁੰਦੀ ਸਗੋਂ ਨਿੱਗਰ ਦਲੀਲਾਂ, ਬੁਲੰਦ ਹੌਸਲਿਆਂ ਅਤੇ ਆਤਮ ਵਿਸ਼ਵਾਸ ਦੀ ਲੋੜ ਹੁੰਦੀ ਹੈ ਨਾ ਕਿ ਪਾਣੀ ਵਾਲੀਆਂ ਟੈਂਕੀਆਂ ਦੀ। ਆਪਣੀਆਂ ਮੰਗਾਂ ਮਨਵਾਉਣ ਲਈ ਕਿੰਨਾ ਉਚਿਤ ਸਾਧਨ ਲੱਭਿਆ ਹੈ ਪੰਜਾਬ ਦੇ ਪੜ੍ਹੇ ਲਿਖੇ ਵਰਗ ਨੇ...... ਉਹ ਨੇ ਪਾਣੀ ਵਾਲੀਆਂ ਟੈਂਕੀਆਂ। ਕਦੇ ਕੋਈ ਅਧਿਆਪਕ ਟੈਂਕੀ ‘ਤੇ ਚੜ੍ਹ ਜਾਂਦੈ ਤੇ ਕਦੇ ਦੇਖਾ ਦੇਖੀ ਬੇਰੁਜ਼ਗਾਰ ਲਾਈਨਮੈਨ ਟੈਂਕੀ ‘ਤੇ ਜਾ ਚੜ੍ਹੇ। ਵਾਹ ਬਈ ਵਾਹ! ਸੰਘਰਸ਼ ਨੂੰ ਹੀ ਕਿੰਨਾ ਹਾਸੋਹੀਣਾ ਬਣਾ ਦਿੱਤੈ ਸਾਡੇ ਪੜ੍ਹੇ ਲਿਖੇ ਸੰਘਰਸ਼ਸੀਲਾਂ ਨੇ... ਜਿਹਨਾਂ ਨੇ ਸੰਘਰਸ਼ਾਂ ਨੂੰ ਹੀ ਖੁਦਕੁਸ਼ੀਆਂ ਦਾ ਮੁਲੰਮ੍ਹਾ ਚਾੜ੍ਹ ਦਿੱਤੈ।ਕਿੰਨੀ ਸ਼ਰਮ ਦੀ ਗੱਲ ਹੈ ਕਿ ਪੜ੍ਹਿਆ ਲਿਖਿਆ ਵਰਗ ਆਪਣੀਆਂ ਮੰਗਾਂ 'ਮੰਨਵਾਉਣ' ਲਈ ਗਾਹੇ-ਵਗਾਹੇ ਪਾਣੀ ਵਾਲੀਆਂ ਟੈਂਕੀਆਂ ਲੱਭਣ ਦੇ ਕਿੱਤੇ 'ਚ ਉਲਝਿਆ ਹੋਇਆ ਹੈ। ਹੋਸ਼ ਕਰੋ ਓਏ ਮਾਂ ਦਿਓ ਮਲਾਈ ਖਾਣਿਉ!ਲੋਕ ਤੁਹਾਡੇ ਇਸ ਫਾਰਮੂਲੇ ਦੇ ਸੰਬੰਧ 'ਚ ਤੁਹਾਡਾ ਸਾਥ ਨਹੀਂ ਦੇਣਗੇ ਸਗੋਂ ਤਾੜੀਆਂ ਮਾਰ ਮਾਰ ਹੱਸਦੇ ਹਨ। ਥੋਨੂੰ ਕੌਣ ਸਮਝਾਵੇ ਕਿ ਖੁਦਕੁਸ਼ੀਆਂ ਰਾਹੀਂ ਜਿੰਦਗੀ ਤੋਂ ਛੁਟਕਾਰਾ ਪਾਉਣ ਨਾਲੋਂ ਸੰਘਰਸ਼ਾਂ ਰਾਹੀਂ ਹੱਕ ਪ੍ਰਾਪਤ ਕਰਕੇ ਸ਼ਾਨ ਨਾਲ ਹਿੱਕ ਚੌੜੀ ਕਰਕੇ ਜਿਉਣ ‘ਚ ਜੋ ਮਜ਼ਾ ਹੈ, ਉਹ ਮਿੱਟੀ ਦੇ ਤੇਲ ਨਾਲ ਖੁਦ ਨੂੰ ਅੱਗ ਲਾ ਕੇ ਨਹੀਂ। ਉਮੀਦ ਹੈ ਕਿ ਮੇਰੇ ਸੋਹਣੇ ਪੰਜਾਬ ਦਾ ਸਿਆਣਾ ਵਰਗ ਇਸ ਰੁਝਾਨ ਨੂੰ ਸ਼ਹਿ ਦੇਣ ਨਾਲੋਂ ਆਪਣੇ ਹੱਥਾਂ ਨੂੰ ਨਾਅਰਿਆਂ ਰਾਹੀਂ ਆਵਾਜ਼ ਬੁਲੰਦ ਕਰਨ ਦੇ ਆਹਰ ਲਾਵੇਗਾ ਨਾ ਕਿ ਮਿੱਟੀ ਦੇ ਤੇਲ ਦੀ ਬੋਤਲ ਜਾਂ ਤੀਲੀ ਫੜ੍ਹਨ ਲਈ..! ਅਕਸਰ ਹੀ ਕਿਹਾ ਜਾਂਦੈ ਕਿ ਜਦੋਂ ਦੋ ਏਕੇ ‘ਕੱਠੇ ਹੋ ਜਾਣ ਤਾਂ ਗਿਆਰਾਂ ਬਣ ਜਾਂਦੇ ਨੇ, ਜੇ ਤਿੰਨ ਹੋਣ ਤਾਂ ਇੱਕ ਸੌ ਗਿਆਰਾਂ... ਇਸੇ ਤਰ੍ਹਾਂ ਹੀ ਜੇ ਇੱਕ ਕਰਕੇ ਸੰਘਰਸ਼ ਦੇ ਰਾਹ ਤੁਰਿਆ ਜਾਵੇ ਤਾ ਇਸ ਗੱਲ ਦੀ ਗਾਰੰਟੀ ਮੈਂ ਦਿੰਦਾ ਹਾ ਕਿ ਤੁਹਾਡੇ ਹੱਕ ਖੋਹਣ ਦੀ ਕੋਈ ਵੀ ਹਿੰਮਤ ਨਹੀਂ ਕਰੇਗਾ। ਪਰ ਜੇ ਇਹੀ ‘ਏਕੇ’ ਖੁਦਕੁਸ਼ੀਆਂ ਕਰਦਿਆਂ ਅੰਕੜੇ ਵਧਾਉਣ ਲੱਗ ਗਏ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪੰਜਾਬ ਜਿਉਂਦੇ ਮਨੁੱਖਾਂ ਨਾਲੋਂ ਖੁਦਕੁਸ਼ੀਆਂ ਕਰਨ ਵਾਲੇ ‘ਸ਼ਹੀਦਾਂ’ ਕਰਕੇ ਜ਼ਿਆਦਾ ਜਾਣਿਆ ਜਾਵੇਗਾ। ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਦੁਜਿਆਂ ਨੂੰ ਲਾਮਬੰਦ ਕਰਕੇ ਹੱਕ ਪ੍ਰਾਪਤੀ ਦੇ ਰਾਹ ਵੱਲ ਤੁਰਨਾ ਹੈ ਜਾਂ ਫਿਰ ‘ਸ਼ਹੀਦ’ ਬਣਕੇ ਦੋ ਤਿੰਨ ਇੱਟਾਂ ਦੀ ਮਟੀ ਦੀ ਵਲਗਣ ‘ਚ ਕੈਦ ਹੋ ਕੇ ਰਹਿਣਾ ਹੈ। ਪੰਜਾਬ ਦੇ ਲੋਕ ਤੁਹਾਡੇ ਕੋਲੋ਼ ਸਾਕਾਰਾਤਮਕ ਹੁੰਗਾਰੇ ਦੀ ਆਸ ਰੱਖਣਗੇ।
ਮਿੱਤਰੋ! ਅੱਜ ਵੇਲਾ ਖੁਦਕੁਸ਼ੀਆਂ ਕਰਨ ਦਾ ਨਹੀਂ ਸਗੋਂ ਇਹ ਆਵਾਜ ਬੁਲੰਦ ਕਰਨ ਦਾ ਹੈ ਕਿ
“ਆਓ ਉੱਚਾ ਕਰੀਏ ਹੋਕਾ,
ਆਤਮ ਹੱਤਿਆ ਨਹੀਂ....
ਪ੍ਰਾਪਤੀ ਦੇ ਰਾਹ ਪੈ ਵੇ ਲੋਕਾ।

ਮਨਦੀਪ ਖੁਰਮੀ ਹਿੰਮਤਪੁਰਾ

ਕਿਰਤਪਾਲ ਸਿੰਘ ਗਿੱਲ

" ਲਕੀਤਰਾਂ ਵਿੱਚ ਫਸਿਆ ਅੱਖਰ "
ਮੈਂ ਕਿਸੇ ਕਵੀ ਦੀ ਕਲਮ
ਚੋਂ ਨਿਕਲਿਆ ਉਹ ਅੱਖਰ ਹਾਂ
ਜੋ ਮਸਾਂ-ਮਸਾਂ ਤਾਂ
ਪੈਦਾ ਹੋਇਆ...
ਸੋਚਾਂ,ਖਿਆਲਾਂ ਦੀ ਕੁੱਖ ਵਿੱਚੋਂ
ਫਿਰ ਹੌਲੀ-ਹੌਲੀ
ਰਿੜਨ ਲੱਗਿਆ ਘੁਸਮੈਲੇ ਜਿਹੇ
ਪੰਨੇ ਤੇ,
ਜੰਮਿਆ ਵੀ ਤਾਂ ਕਾਲਾ ਸ਼ਾਹ ਰੰਗ
ਲੈ ਕੇ.....
ਜਮਾਂ ਕਾਲੀ ਸਿਆਹੀ ਮਾਂ ਵਰਗਾ,
ਤੇ ਇੱਕ ਦਮ ਉਸੇ ਜਾਏ ਨੇ
ਮੇਰੇ ਤੇ ਟੇਡੀਆਂ-ਮੇਡੀਆਂ ਲਕੀਤਰਾਂ
ਦਾ ਜਾਲ ਪਾ ਦਿੱਤਾ,
ਰੋਕ ਦਿੱਤਾ ਮੇਰਾ ਪੈਰਾਂ ਭਾਰ ਖਲੋਣਾ
ਰੋਕ ਦਿੱਤਾ ਅਗਾਂਹ ਵਧਣ ਤੋਂ,
ਪਤਾ ਨੀ ਕਿਉਂ ?
ਮੈਨੂੰ ਜ਼ਬਰੀ ਜਨਮ ਦਿੱਤਾ ਸੀ ਉਹਨੇ
ਤਾਂਹੀ ਮੇਰੇ ਪਾਲਣ ਪੋਸ਼ਣ ਦੀ
ਉਹਦੇ ਵਿੱਚ ਸ਼ਕਤੀ ਨਹੀ ਸੀ,
ਜਾਂ ਫਿਰ....
ਸ਼ਬਦਾਂ ਦੀ ਆਰਥਿਕ ਮੰਦਹਾਲੀ
ਸੀ ਉਹਦੇ ਕੋਲ...
ਮੈਂ ਕਾਫੀ ਦੇਰ ਤੀਕ
ਹੱਥ ਪੱਲੇ ਮਾਰਦਾ ਰਿਹਾ ਬਾਹਰ ਨਿਕਲਣ ਲਈ
ਤੇ ਉਹ ਦੇਖਦਾ ਰਿਹਾ ਆਵਦੇ ਸੁਲਘਦੇ ਬੁੱਲਾਂ
ਵਿੱਚ ਕਲਮ ਨੂੰ ਪਾ ਕੇ,ਕਿਸੇ ਬੁੱਤ ਦੀ
ਮੁੰਦਰਾਂ ਵਿੱਚ...
ਮੈਂ ਉਹਦੇ ਵੱਲ ਆਸ ਭਰੀਆਂ ਨਜ਼ਰਾਂ ਨਾਲ
ਤੱਕਦਾ ਰਿਹਾ,
ਤੇ ਉਹ ਮੇਰੇ ਤੇ ਲਕੀਤਰਾਂ ਦਾ ਜਾਲ
ਹੋਰ ਗਹਿਰਾ ਕਰਦਾ ਰਿਹਾ,
ਅੱਜ ਤਾਂਈ ਨਾ ਮੁਕਤ ਹੋ ਸਕਿਆ ਮੈਂ
ਜਿਸ ਦੀ ਕੈਦ ਚੋਂ....
ਮੈਂ ਉਹ ਅਧੂਰਾ ਕੈਦੀ ਅੱਖਰ ਹਾਂ
ਜਾਂ .......ਕਹਿ ਲਵੋ
ਲਕੀਤਰਾਂ ਵਿੱਚ ਫਸਿਆ ਅੱਖਰ ਹਾਂ

ਕਿਰਤਪਾਲ ਸਿੰਘ ਗਿੱਲ

ਗਗਨ ਬਰਾੜ

ਸਮੇ ਦੀ ਮਾਰ 
ਚੁਬਾਰੇ ਦੀ ਬਾਰੀ
ਕੰਧ ਚ ਆਲੇ
ਸਮੇ ਦੀ ਮਾਰ
ਕੁਛੜ ਲੁਕਾ ਲੇ

ਚੁੱਲੇ ਤੇ ਹਾਰੇ
ਤੰਦੂਰ ਅੰਗੀਠੀਆਂ
ਸਿਲੰਡਰ ਗੀਜਰਾਂ
ਖੂੰਜੇ ਕੀਤੀਆਂ

ਸੱਥਾਂ ਵਿਚ ਪਿੱਪਲ
ਸਫੇਦੇ ਤੇ ਬੋਹੜ
ਸ਼ਹੀਰੀਕਰਨ ਦਾ
ਖਾ ਗਿਆ ਕੋਹੜ

ਚੁੰਨੀਆ ਪਰਾਂਦੇ
ਤੇ ਸੂਟ ਰੰਗੀਨ
ਦਿਸਣ ਸੰਦੂਖੀਂ
ਚਾੜੇ ਟੋਪ ਜੀਨ

ਖੂੰਡੇ ਜੁੱਤੀਆਂ ਮੁੱਕੇ
ਤੇ ਚਾਦਰੇ ਕੁੜਤੇ
ਕਹਿ ਪੱਛੜਿਆ ਪਹਿਰਾਵਾ
ਪਛਮੀ ਅੱਗ ਸਿੱਟਤੇ

ਚਾਟੀ ਤੇ ਮਧਾਣੀ
ਬਲਦ ਤੇ ਮੱਝਾਂ
ਘਰੋਂ ਕੱਢੀਆਂ
ਮਾਰ ਕੇ ਹੁੱਜਾਂ

ਟਿੰਡਾਂ ਤੇ ਵੇਲਣਾ
ਮਟੀਆਂ ਤੇ ਜੋਤਰ
ਖਾਗੀ ਸਬ ਨੂੰ
ਮੱਛੀ ਮੋਟਰ

ਜੰਟਾ,ਕੈਲਾ,ਜੱਗਾ
ਕੇਹਰੂ,ਜੈਲਾ,ਬਚਨ
ਬੁੜੇ ਹੋਇਆਂ ਕਿਵੇਂ ਲੱਗਣੇ
ਹੈਰੀ,ਗੈਰੀ,ਗਗਨ

ਗਗਨ ਬਰਾੜ
ਮਹਿਮਾ ਸਿਰਜਾ ਬਠਿੰਡਾ
94639-11392

Saturday, 19 November 2011

ਮਨਪ੍ਰੀਤ ਗੋਸਲ

ਹਾਲਾਤ
ਅੱਜ ਜੀਅ ਕਰਦਾ ਏ
ਆਪ੍ਣੇ ਮਨ ਨੂੰ ਦੇ ਦੇਵਾਂ ਨਾਮ
ਸਰਹਿੰਦ ਦੀ ਕੰਧ ਦਾ
ਜਿੱਥੇ ਜਿਉਂਦੇ ਜੀ ਨੀਹਾਂ ਵਿੱਚ ਚਿਣ ਦਿੱਤੇ ਗਏ
ਮੇਰੀਆਂ ਰੀਝਾਂ ,ਮੇਰੇ ਚਾਅ...

ਜੀਅ ਇਉਂ ਵੀ ਕਰਦਾ ਏ
ਕਿ ਆਪਣੀ ਅੱਖ ਨੂੰ ਦੇ ਦੇਵਾਂ ਨਾਮ
ਚ੍ਮ੍ਕੌਰ ਦੀ ਗੜ੍ਹੀ ਦਾ,
ਜਿਸ ਵਿੱਚ ਮੇਰੇ ਸੁਪਨੇ
ਹੱਕ ਦੀ ਖ਼ਾਤਿਰ ਲੜਦੇ ਲੜਦੇ ਸ਼ਹੀਦ ਹੋ ਗਏ

ਕਦੇ ਕਦੇ ਇਉਂ ਵੀ ਲਗਦਾ ਏ
ਕਿ ਆਪ੍ਣੇ ਰੋਮ ਰੋਮ ਦਾ ਨਾਂ ਹੀ
ਗੁਰੂ ਜੀ ਤੇ ਆਇਆ ਮਾੜਾ ਸਮਾਂ ਰੱਖ ਲਵਾਂ
ਕਿਉਂਕਿ
ਮੇਰੇ ਤਨ ’ਤੇ ਉਕੱਰਿਆ ਪਿਆ ਏ
ਜਫ਼ਰਨਾਮਾਂ ਤੇ ਬੇਦਾਵਾ ...
********************************

ਰੋਸ

ਐਥੇ ਕੋਣ ਮਰਦਾ ਹੈ ਕਿਸੇ ਦੀ ਲਈ...
ਇਹ ਤਾਂ ਅਸੀਂ ਹੀ ਹਾਂ...
ਜੋ ਭੇਜ ਦਿਨੇ ਆ..
ਆਪਣੇ ਬਾਪੂ ਨੂੰ ਚਾਂਦਣੀ ਚੌਂਕ..
ਸੀਸ ਲਹਾਉਣ ਖਾਤਰ...
ਕਿਸੇ ਲਈ....

ਮਨਪ੍ਰੀਤ ਗੋਸਲ

ਹਰਪ੍ਰੀਤ ਸਿੱਧੂ

ਨਸ਼ਿਆਂ ਚ’ ਡੁੱਬ ਗਈ ਜ਼ਵਾਨੀ ਮੇਰੇ ਦੇਸ਼ ਦੀ
ਪਤਾ ਨਹੀਂਓਂ ਕਹਿੜੀ ਪ੍ਰੇਸ਼ਾਨੀ ਮੇਰੇ ਦੇਸ਼ ਦੀ

ਛਿੰਝਾਂ ਮੇਲੇ ਗੁੰਮ ਹੋਏ ਲੋਹੜੀਆਂ ਤੇ ਧੂਣੀਆਂ
ਤ੍ਰਿਝੰਣਾਂ ਚੋਂ ਚਰਖ਼ੇ ਤੇ ਛਿੱਕੂ ਗੋਹੜੇ ਪੂਣੀਆਂ
... ਘਰ ਘਰ ਚੱਲ ਪਈ ਮਧਾਣੀ ਏ ਕਲੇਸ਼ ਦੀ
ਬਣ ਗਈ ਸੱਮਸਿਆ ਏ ਪਾਣੀ ਮੇਰੇ ਦੇਸ਼ ਦੀ

ਮੱਸਿਆ ਤੇ ਪੁੰਨਿਆਂ ਨੂੰ ਪੁਲ੍ਹਾਂ ਉੱਤੇ ਨ੍ਹੌਣਾ ਗਿਆ
ਬਾਣਾ ਦਿਆਂ ਮੰਜ਼ਿਆਂ ਤੇ ਕੋਠੇ ਉਤੇ ਸੌਣਾ ਗਿਆ
ਅੱਜ ਡਿਸਕੋ ਚ’ ਰੁਲ੍ਹੇ ਪਟਰਾਣੀ ਮੇਰੇ ਦੇਸ਼ ਦੀ
ਕੁੜੀ ਮਾਰ ਬਣ ਗਈ ਕਹਾਣੀ ਮੇਰੇ ਦੇਸ਼ ਦੀ

ਥੜ੍ਹਿਆਂ ਤੋਂ ਤਾਸ਼ ਅਤੇ ਭੱਠੀਆਂ ਤੋਂ ਦਾਣੇ ਗਏ
ਲ਼ੱਡੂ ਗੋਗਲੇ ਜਲੇਬੀਆਂ ਪਤੱਾਸੇ ਤੇ ਮਖਾਣੇ ਗਏ
ਸਿਆਸਤਾਂ ਨੇ ਖਾ ਲਈ ਜਿੰਦਗਾਨੀ ਮੇਰੇ ਦੇਸ਼ ਦੀ
ਅੱਜ ਫੈਸ਼ਨਾ ਨੇ ਪੱਟਤੀ ਜਨਾਨੀ ਮੇਰੇ ਦੇਸ਼ ਦੀ

ਮਨੁੱਖ ਵੀ ਨਾ ਰਹੇ ਓਹ ਮਨੁੱਖਤਾ ਵੀ ਮਰ ਗਈ
ਅਹਿਸਾਸ ਮਨੁੱਖ ਦੇ ਤੇ ਗਰਜ਼ ਕਾਬੂ ਕਰ ਗਈ
ਸਾਂਝਾਂ ਵਾਲੀ ਚਾਲ ਰੁਕੀ ਏ ਰਵਾਨੀ ਮੇਰੇ ਦੇਸ਼ ਦੀ
ਅੱਜ ਕਿੱਥੇ ਗਈ ਏ ਓਹੋ ਕੁਰਬਾਨੀ ਮੇਰੇ ਦੇਸ਼ ਦੀ

ਗੁਰ ਦੁਆਰੇ ਮੰਦਰ ਮਸੀਤਾਂ ਅੱਡੇ ਨੇ ਕਮਾਈ ਦੇ
ਕਿਸੇ ਦੂਜੇ ਮਜ੍ਹਬ ਦੇ ਲੋਕੀ ਏਥੇ ਨਹੀਂ ਬੁਲਾਈ ਦੇ
ਪੰਥ ਲੋਟੂਆਂ ਦੇ ਲਿਖਦੇ ਕਹਾਣੀ ਮੇਰੇ ਦੇਸ਼ ਦੀ
ਜ਼ਾਤਾਂ ਵਿੱਚ ਵੰਡੀ ਗਈ ਏ ਬਾਣੀ ਮੇਰੇ ਦੇਸ਼ ਦੀ

ਜਿੱਥੇ ਰਾੱਖੀ ਮਜ਼ਲੂਮਾਂ ਦੀ ਲਈ ਉੱਠੀ ਤਲਵਾਰ ਸੀ
ਜਿੱਥੇ ਗੁਰੁ ਪੀਰਾਂ ਬਖ਼ਸ਼ਿਆ ਰੂਹਾਂ ਨੂੰ ਪਿਆਰ ਸੀ
ਮਿਟ ਜਾਵੇ ਨਾ ਏ ਕਿਧਰੇ ਨਿਸ਼ਾਨੀ ਮੇਰੇ ਦੇਸ਼ ਦੀ
ਬਣ ਜਾਵੇ ਨਾ ਏ ਜੋਗੀਆ ਨਦਾਨੀ ਮੇਰੇ ਦੇਸ਼
    

Tuesday, 15 November 2011

ਬਿੰਨੀ ਬਰਨਾਲਵੀ



ਇੱਕ ਝੰਡੇ ਥੱਲੇ
ਬਿੰਨੀ ਬਰਨਾਲਵੀ 
ਮੇਰੇ ਵਿਚਾਰਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰਿਓ,
ਹੈ ਕੋਸ਼ਿਸ਼ ਕਰਨੀ ਤਾਂ ਵਿਚਾਰਾਂ ਤੇ ਚੱਲਣ ਦੀ ਕਰਿਓ।

ਅੱਜ ਕਲਮ ਨਾਲ ਹੀ 
ਕਾਗਜ਼ ਦੀ ਹਿੱਕ ਤੇ ਉਲੀਕ ਰਿਹਾਂ ਇਤਿਹਾਸ,
ਗੱਲ ਬਣੀ ਤਾਂ ਠੀਕ 
ਨਹੀਂ…………………

ਉਗਾਉਣੀਆਂ ਮੈਨੂੰ ਅਜੇ ਵੀ ਆਉਂਦੀਆਂ ਨੇ,
ਧਰਤੀ ਚੋਂ ਦਮੂੰਕਾਂ

ਮੈਂ ਜੀਣਾ ਨਹੀਂ ਚਾਹੁੰਦਾ ਪਾਲਤੂ ਕੁੱਤੇ ਦੀ ਤਰ੍ਹਾਂ,
ਗਲ ਪਟਾ ਪਵਾ ਕੇ ਪੂਛ ਹਿਲਾਉਂਦਾ-ਹਿਲਾਉਂਦਾ।
ਮੈਂ ਤਾਂ ਜੀਵਾਂਗਾ
ਖੁੱਲੇ ਸ਼ੇਰ ਵਾਂਗ
ਨਿਡਰ ਹੋ ਕੇ
'ਤੇ ਮਰਾਂਗਾ ਅਜਿਹੀ ਸੁਨਹਿਰੀ ਮੌਤ
ਕਿ ਯੁੱਗੜਿਆਂ ਤੱਕ ਮੇਰੀ ਜਿੰਦਗੀ ਦੇ ਫਲਸਫੇ ਪੜੇ ਜਾਣਗੇ।

ਅੱਜ ਤਾਂ ਇਹ ਚੁਟਕਲਾ ਹੈ ਤੁਹਾਡੇ ਹੱਸਣ ਲਈ,
ਪਰ ਜਦੋਂ ਕੱਲ੍ਹ ਆਵੇਗੀ ਤਾਂ ਰੋਣੋ ਵੀ ਮੁਨਕਰ ਹੋਵੋਂਗੇ।

ਜੇ ਚਾਹੁੰਦੇ ਹੋ ਇਕ ਮਹਾਨ ਜਿੰਦਗੀ ਜੀਣਾ,
ਗੁਲਾਮੀ ਦੇ ਜੂਲ਼ੇ ਨੂੰ ਲਾਹੁਣਾ,
ਬੱਚਿਆਂ ਲਈ ਉੱਜਲਾ ਭਵਿੱਖ,
ਢਿੱਡ ਦੀਆਂ ਸੁੱਕ ਚੁੱਕੀਆਂ ਆਂਦਰਾਂ ਲਈ,
ਗਿੱਲੀ ਰੋਟੀ,
ਸਿਰ ਤੇ ਬੱਠਲ ਚੁੱਕਦਿਆਂ,
ਕੜ-ਕੜ ਕਰਦੀਆਂ ਹੱਡੀਆਂ ਨੂੰ ਸੁਰ ‘ਚ ਪਿਰੌਣਾ,
ਸੁੱਖ ਦੇ ਵਿਯੋਗ ‘ਚ ਨਿਕਲੇ ਹੰਝੂਆਂ ਨਾਲ,
ਖੇਤਾਂ ਨੂੰ ਸਿੰਜਣਾ,

ਤਾਂ ਕਰਨੇ ਪੈਣਗੇ ਉੱਚੇ ਕੰਮ
ਸਿਰ ਉੱਚਾ,
ਬਾਂਹ ਉੱਚੀ,
ਆਵਾਜ ਉੱਚੀ,
ਸੋਚ ਉੱਚੀ,
ਤੇ ਹੋਣਾ ਪਵੇਗਾ ਇਕ ਝੰਡੇ ਥੱਲੇ ਇਕੱਠਾ,
ਇਕ ਝੰਡੇ ਥੱਲੇ      

-ਬਿੰਨੀ ਬਰਨਾਲਵੀ

Monday, 14 November 2011

ਮਨੀ ਮਹਿਰਾਜ

ਇਲਜਾਮ
ਵਿਆਹ ਦੀ ਖੁਸ਼ੀ ਵਿੱਚ
ਮਹਿਮਾਨ ਬੁਲਾਏ ਜਾਂਦੇਂ ਨੇ
ਜਾਮਾਂ ਵਿੱਚ ਪਾਕੇ
ਜਾਮ ਪਿਆਏ ਜਾਂਦੇ ਨੇ
ਠੇਕੇ ਤੇ ਪੀਣ ਵਾਲਿਆਂ ਨੂੰ
ਕੋਈ ਨਹੀਂ ਪੁੱਛਦਾ
ਅੱਖਾਂ ਚੋਂ ਪੀਣ ਵਾਲਿਆਂ ਤੇ
ਲੱਖਾਂ ਇਲਜਾਮ ਲਗਾਏ ਜਾਂਦੇ ਨੇ .......??? 
***********************************

ਸਮਾਂ

ਸਮਾਂ ਬਦਲ ਗਿਆ ਤੇ ਇਹਦੇ ਤੌਰ ਬਦਲ ਗਏ 

ਹਾਕਮ ਸਰਕਾਰਾਂ ਵਲੋਂ ਹੁਣ ਗੌਰ ਬਦਲ ਗਏ

'ਮਨੀ ਮਹਿਰਾਜ' ਮੁੜ ਤੋਂ ਇੱਕ ਜੁੱਟ ਹੌਣ ਲਈ

ਲੱਗਦਾ ਏ ''ਦਿੱਲੀ'' ਤੇ ''ਲਾਹੋਰ '' ਬਦਲ ਗਏ
ਮਨੀ ਮਹਿਰਾਜ

ਗੁਰਜੀਤ ਜਟਾਣਾ

ਅਸਤ ਹੋ ਰਿਹਾ 
ਉਥੋਂ ਫੁੱਟਣ ਵਾਲੀ ਹਰ ਕਿਰਨ
ਮੇਰੇ ਲਈ ਨਿੱਤ ਨਵਾਂ
ਸੁਨੇਹਾ ਲੈ ਕੇ ਆਉਂਦੀ ਏ
ਮੈਂ ਵਰ੍ਹਿਆਂ ਤੋਂ
ਸਿਰ ਝੁਕਾਉਂਦਾ ਆ ਰਿਹਾਂ
ਤੇਰੇ ਮਹਿਲ
ਤੇ ਮਹਿਲ ਤੋਂ ਉਗਦੇ ਸੂਰਜ ਨੂੰ
ਤੂੰ ਵੀ ਕੁਝ ਕਰ
ਜੇ ਕੁਝ ਕਰਨ ਦਾ
ਹਾਲੇ ਤੇਰਾ ਮੂਡ ਨਹੀਂ
ਤਾਂ ਅੱਡੀਆਂ ਚੁੱਕ ਕੇ ਵੇਖ
ਤੈਨੂੰ ਵਿਹੜੇ ਵਿਚੋਂ ਹੀ ਦਿਖ ਜਾਵੇਗਾ
ਖੁੜਸੁੱਕ ਕਿੱਕਰ ਵਿਚ ਦੀ
ਅਸਤ ਹੋ ਰਿਹਾ, ਡੁੱਬ ਰਿਹਾ
ਮੇਰੀ ਜਿੰਦਗੀ ਦਾ ਸੂਰਜ .

ਗੁਰਜੀਤ ਜਟਾਣਾ

ਸ਼ਿਵਚਰਨ ਜੱਗੀ ਕੁੱਸਾ


ਹੁਣ ਮੈਂ, ਸਿੱਖ ਲਿਆ
ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ!
ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ,
ਤੇ ਲੈਣੇਂ ਫ਼ੋਕੇ ਸੁਪਨੇ!
ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ,
ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ!
ਜਿੰਨੀ ਆਸ ਰੱਖੀ 'ਗ਼ੈਰਾਂ' 'ਤੇ,
ਦਿਲ ਵਿਚ ਨਿਰਾਸ਼ਾ ਦੀ,
ਪਰਲੋਂ ਹੀ ਆਈ!

ਮਨ ਦੀ ਦੇਹਲ਼ੀ ਖ਼ੁਰਦੀ ਗਈ,
ਧਰਵਾਸ ਅਤੇ ਤਾਹਨਿਆਂ ਦੀਆਂ ਛੱਲਾਂ ਨਾਲ਼!
ਹੁਣ ਤਾਂ ਸਬਰ ਦਾ ਪਾਣੀ ਵੀ,
ਦਿਲ ਦੇ ਵਿਹੜੇ ਵੜਿਆ!
ਜ਼ਿੰਦਗੀ ਦੇ ਸਫ਼ਰ ਵਿਚ,
ਨਾ ਚਾਹੁੰਦਿਆਂ ਵੀ, ਅਪਨਾਉਣੇ ਪਏ,
ਕੰਡਿਆਲ਼ੇ ਰਾਹ!
ਤੇ 'ਵਜਾਉਣੇ' ਪਏ ਗਲ਼ ਪਏ ਢੋਲ,
ਤੇ ਨਿਭਾਉਣੇ ਪਏ 'ਅਣ-ਸਿਰਜੇ' ਰਿਸ਼ਤੇ!
ਚਾਹੇ ਕਦਮ-ਕਦਮ 'ਤੇ,
ਲਹੂ-ਲੁਹਾਣ ਹੁੰਦਾ ਰਿਹਾ,
ਪਰ ਅਣਮੰਨੇ ਰਿਸ਼ਤੇ ਦਾ ਜੂਲ਼ਾ,
ਚੁੱਕੀ ਰੱਖਿਆ ਆਪਣੇ ਮੋਢਿਆਂ 'ਤੇ!
ਮਿੱਧਦਾ ਤੁਰਿਆ ਗਿਆ,
ਆਪਣੇ ਅਰਮਾਨਾਂ ਦੇ ਮਲਬੇ ਨੂੰ!
ਮੇਰੀ ਜ਼ਿੰਦਗੀ ਵਿਚ ਆਏ ਇਸ ਰਿਸ਼ਤੇ ਵਿਚ,
ਮੋਹ ਅਤੇ ਅਪਣੱਤ ਦੀ ਅਣਹੋਂਦ ਸੀ,
ਸਿਰਫ਼ ਖ਼ੁਦਗਰਜ਼ੀ, ਸਿਆਸਤ ਅਤੇ ਮਤਲਬ-ਪ੍ਰਸਤੀ ਦੀ
ਸੜੇਹਾਂਦ ਸੀ!
ਜਦ ਹੁਣ ਸੁੱਕ-ਸੜ ਕੇ,
ਬਦਬੂ ਮਾਰ ਰਹੀਆਂ ਨੇ ਮੇਰੀਆਂ ਸਧਰਾਂ,
ਤਾਂ ਉਸ ਨੂੰ ਮੇਰੀ 'ਨਲਾਇਕੀ' ਦਾ ਨਾਂਮ ਦੇ ਕੇ,
ਜਨਾਜਾ ਕੱਢਿਆ ਜਾ ਰਿਹੈ!
ਵਜਾਏ ਜਾਂਦੇ ਨੇ ਮੇਰੇ ਕੰਨਾਂ ਵਿਚ ਢੋਲ਼ ਅਜੇ ਵੀ,
ਸ਼ੋਸ਼ਿਆਂ ਦੇ!
ਪਰ ਮੇਰਾ ਬਾਗ਼ੀ ਹੋਇਆ ਮਨ,
ਇਹਨਾਂ ਵਿਚ ਪਰਚਦਾ ਨਹੀਂ!



ਅਮਰਦੀਪ ਸਿੰਘ ਗਿੱਲ

ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ!

ਤੂੰ ਆਦਤ ਤੋਂ ਮਜਬੂਰ ਬੜੀ ,
ਹੈਂ ਸਦੀਆਂ ਤੋਂ ਮਗਰੂਰ ਬੜੀ ,
ਕਦੇ ਸਾਡੇ ਹੱਕ ਵਿੱਚ ਤੂੰ ਇਨਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ !
ਅਸੀਂ ਵੀ ਦਿੱਲੀਏ........................
ਟਾਇਰ ਗਲਾਂ ਵਿੱਚ ਪਾਏ ਨੀ ਤੂੰ ਲਾਹ ਕੇ ਪੱਗਾਂ ਨੂੰ ,
ਘਰ ਬਾਲ ਕੇ ਸਾਡੇ ਆਪ ਤੂੰ ਸੇਕਿਆ ਅੱਗਾਂ ਨੂੰ ,
ਏਸ ਰਾਖ ਨੂੰ ਮਜ਼ਲੂਮਾਂ ਨੇ ਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................
ਆਪਣੇ ਤਾਜ ਤਖਤ ਲਈ ਸੌਦੇ ਕਰਦੀ ਰਹਿੰਨੀ ਏ ,
ਸਾਡੀਆਂ ਜਾਨਾਂ ਇਵਜ਼ਾਨੇ ਵਿੱਚ ਭਰਦੀ ਰਹਿੰਨੀ ਏ ,
ਤੂੰ ਤਾਂ ਕੁੱਝ ਵੀ ਦੋਸ਼ੀਆਂ ਦੇ ਖਿਲਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................
ਪੀੜ ਜਵਾਨੀ ਟੱਪ ਕੇ ਛੱਬੀ ਸਾਲ ਦੀ ਹੋ ਗਈ ਏ
ਹੋਰ ਵੀ ਸੰਘਣੀ ਡੱਬੀ ਤੇਰੇ ਜਾਲ ਦੀ ਹੋ ਗਈ ਏ ,
ਪਾਣੀ ਅੱਗ ਬਣਾਉਣਾ ਏ ''ਗਿੱਲ'' ਭਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ....................!
ਅਮਰਦੀਪ ਸਿੰਘ ਗਿੱਲ

ਵਿਸ਼ਵ ਸਿੰਘ

ਪੰਛੀ
ਮੈਂ ਪੰਛੀ ਕਹੋ ਜਿਹੀ ਦਿਹਲੀਜ ਤੇ ਆ ਖੜਾ ਹਾਂ,
ਨਾ ਤਾ ਮੇਰੇ ਅਜੇ ਪੰਖ ਉੱਡਣ ਜੋਗ ਹੋਏ ਨੇ,
ਤੇ ਨਾ ਮੈਂ ਪੰਖ ਨਿਕਲਣ ਦੀ ਉਡੀਕ ਕਰ ਸਕਦਾ ਹਾਂ,
ਡਰ ਵੀ ਬਹੁਤ ਲੱਗਦਾ ਅਪਣਿਆ ਤੋਂ ਹੀ,
ਕੀਤੇ ਇਹਨਾ ਦਾ ਅਗਲਾ ਸ਼ਿਕਾਰ ਮੈਂ ਨਾ ਹੋ ਜਾਵਾ,
ਏਹੇ ਜਾਂਦੇ ਹੋਏ ਵੀ ਕੀ ਇਹ ਮੇਰੀ ਆਖਰੀ ਉਡਾਰੀ ਆ,
ਮੈਨੂੰ ਹੁਣ ਉਡਾਰੀ ਮਾਰਨੀ ਪਾਉਗੀ.........................

ਵਿਸ਼ਵ ਸਿੰਘ

ਨਿੰਦਰ ਘੁਗਿਆਣਵੀ

ਇਹ ਵੀ ਰੰਗ ਨੇ ਵਲੈਤ ਦੇ!
(ਲੜੀਵਾਰ)

ਨਿੰਦਰ ਘੁਗਿਆਣਵੀ
ਵਲੈਤ ਤੋਂ ਵਾਪਿਸ ਆਏ ਨੂੰ ਮੈਨੂੰ ਤਿੰਨ ਹਫ਼ਤੇ ਹੋਣ ਲੱਗੇ ਹਨ। ਅੰਕਲ ਦਾ ਫ਼ੋਨ ਤਿੰਨ-ਚਾਰ ਵਾਰ ਆ ਚੁੱਕੈ। ਪੁੱਛਦਾ ਹੈ-''ਬੇਟਾ ਤੂੰ ਠੀਕ ਹੈਂ...ਕੀ ਹਾਲ ਨੇ...ਕੀ ਕਰ ਰਿਹਾ ਹੈਂ...ਮੌਸਮ ਕਿਦਾਂ ਦਾ ਆ...ਘਰ-ਪਰਿਵਾਰ ਦਾ ਕੀ ਹਾਲ ਆ?" ਨਿੱਕੀਆਂ-ਨਿੱਕੀਆਂ,ਨਿੱਜੀ ਤੇ ਅੰਤਾਂ ਦੀ ਅਪਣੱਤ ਭਰੀਆਂ ਗੱਲਾਂ! ਜਿਵੇਂ ਕੋਈ ਪਿਓ ਵਲੈਤ ਗਏ ਆਪਣੇ ਪੁੱਤਰ ਨੂੰ ਫ਼ੋਨ 'ਤੇ ਪੁਛਦਾ ਹੋਵੇ, ਬਿਲਕੁਲ ਉਵੇਂ ਹੀ।
ਅੰਕਲ ਬੰਦਾ ਬਹੁਤ ਲੱਠਾ। ਸਾਊ ਤਾਂ ਏਨਾ  ਹੈ ਕਿ ਇਸਦਾ ਕੋਈ ਸਿਰਾ ਨਹੀਂ। ਪੁੱੱਜ ਕੇ ਸ਼ਰੀਫ਼! ਜੋ ਮੂੰਹ 'ਤੇ...ਉਹੀ ਮਨ ਅੰਦਰ। ਰਤਾ ਝੂਠ ਨਹੀਂ। ਅੰਕਲ ਇਸ ਅਖੌਤ ਦਾ ਉੱਕਾ ਧਾਰਨੀ ਨਹੀਂ ਕਿ ਆਪਣਾ ਝੱਗਾ ਚੁੱਕਿਆਂ ਤੋਂ ਆਪਣਾ ਢਿੱਡ ਈ ਨੰਗਾ ਹੁੰਦੈ...! ਉਹ ਧੀਮਾ ਬੋਲ ਕੇ ਗੱਲ ਕਰਦਾ ਹੈ। ਚਾਲੀ: ਵਰ੍ਹੇ ਪਹਿਲਾਂ ਵਲੈਤ ਆਇਆ ਅੰਕਲ ਵਲੈਤੀਆ ਨਹੀਂ ਬਣ ਸਕਿਆ...ਬਿਲਕੁਲ ਦੇਸੀ ਪੰਜਾਬੀ। ਉਹਦੇ ਅੰਦਰਲਾ 'ਭਾਰਤੀ ਪੰਜਾਬੀ' ਕੁਝ ਕੁ ਪੰਜਾਬੀ ਦਿਲਾਂ ਵਾਂਗ ਹਾਲੇ ਜਿੰ:ਦਾ ਹੈ। ਵਲੈਤੀ ਰੰਗ ਵਿੱਚ ਰੰਗਿਆ ਨਹੀਂ ਉਹ ਪੂਰੀ ਤਰਾ੍ਹਂ।
ਉਹ ਦੱਸਦਾ ਹੈ,''ਤੇਰੀ ਅੰਟੀ ਨੂੰ ਪਤਾ ਨ੍ਹੀਂ ਕੀ ਹੁੰਦਾ ਜਾਂਦਾ ਆ...ਹੁਣ ਉਹਨੇ ਗੁਰਦਵਾਰੇ ਜਾਣਾ ਵੀ ਘੱਟ ਕਰ ਦਿੱਤਾ...ਗੁਰਦਵਾਰੇ ਜਾ ਕੇ ਵੀ ਆਪਣੀਆਂ ਫਰੈਂਡਾਂ ਨਾਲ ਲੜਨ ਝਗੜਨ ਲੱਗੀ ਆ...ਕਦੇ-ਕਦੇ ਹੱਸਣ ਲੱਗ ਜਾਂਦੀ ਆ...ਕਿੰਨਾ-ਕਿੰਨਾ ਚਿਰ ਆਪੇ ਈ ਹੱਸੀ ਜਾਂਦੀ ਆ...ਜਦੋਂ ਰੋਣ  ਬਹਿ ਜਾਂਦੀ ਆ...ਰੋਈ ਈ ਜਾਂਦੀ ਆ ਕਿੰਨੀ-ਕਿੰਨੀ ਦੇਰ...ਪਤਾ ਨ੍ਹੀਂ ਲੱਗਦਾ ਦਿਨੋ-ਦਿਨ ਕੀ ਹੁੰਦਾ ਜਾਂਦਾ ਉਹਨੂੰ...ਆਪਣੇ ਰੂਮ ' ਵਿੱਚ ਵੜ ਕੇ ਪਈ ਰਹਿੰਦੀ ਆ...ਅੱਗੇ ਤਾਂ ਸਵੇਰੇ ਦੀ ਰੋਟੀ ਗੁਰਦਵਾਰੇ ਖਾ ਲੈਂਦੀ ਸੀ...ਆਪਣੀਆਂ ਫ਼ਰੈਂਡਾਂ ਨਾਲ ਟਾਈਮ ਪਾਸ ਕਰ ਆਉਂਦੀ ਸੀ...ਹੁਣ ਦਿਨੇ ਖਾਣੋ ਹਟ ਗਈ ਆ...ਮੈਨੂੰ ਤਾਂ ਪਤਾ ਨ੍ਹੀਂ ਲੱਗਦਾ...ਕੀ ਕਰਾਂ...ਕੀ ਨਾ ਕਰਾਂ...।"
ਅੰਕਲ ਦਾ ਫ਼ੋਨ ਸੁਣ ਕੇ ਮੈਨੂੰ ਉਸ 'ਤੇ ਤਰਸ ਆ ਰਿਹਾ ਹੈ। ਪਰ ਮੈਂ ਕਰ ਵੀ ਕਰ ਸਕਦਾ ਹਾਂ? ਸਿਵਾਏ ਹਮਦਰਦੀ ਜਾਂ ਫ਼ਿਕਰ ਤੋਂ? ਹੌਸਲਾ ਦੇਣ ਤੋਂ।
ਅੰਕਲ ਦੀ ਉਮਰ ਸੱਤਰ ਕੁ ਸਾਲ ਹੈ। ਪੂਰਾ ਸੂਰਾ ਸਰਦਾਰ। ਦਾਹੜੀ ਰੰਗ ਕੇ ਬੰਨ੍ਹਦੈ। ਸੋਹਣੇ ਘਰ ਵਿੱਚ ਰਹਿੰਦਾ ਹੈ। ਇਸ ਘਰ ਤੋਂ ਇਲਾਵਾ ਉਹਦੇ ਕੋਲ ਤਿੰਨ ਘਰ ਹੋਰ ਵੀ ਹੈਗੇ, ਜੋ ਉਸਨੇ ਕਿਰਾਏ ਉੱਤੇ ਚਾੜ੍ਹੇ ਹੋਏ ਹਨ। ਅੰਕਲ ਹਰ ਹਫ਼ਤੇ ਉਹਨਾਂ ਤੋਂ ਕਿਰਾਇਆ ਉਗਰਾਹੁਣ ਜਾਂਦਾ ਹੈ। ਜਿੰਨੇ ਹਫ਼ਤੇ ਮੈਂ ਉਸ ਕੋਲ ਰਿਹਾ, ਓਨੇ ਹਫ਼ਤੇ ਮੈਂ ਉਹਦੇ ਨਾਲ ਕਿਰਾਇਆ ਉਗਰਾਹੁਣ ਜਾਂਦਾ ਹੁੰਦਾ। ਅੰਕਲ ਪਹਿਲਾਂ ਕਿਰਾਏਦਾਰਾਂ ਨੂੰ ਫ਼ੋਨ ਕਰ ਕੇ ਉਹਨਾਂ ਨਾਲ ਟਾਈਮ ਸੱੈਟ ਕਰਦਾ। ਜਦ ਅਸੀਂ ਘਰ ਅੰਦਰ ਜਾਂਦੇ ਤਾਂ ਹਰ ਵਾਰੀ ਕਿਸੇ ਨਾ ਕਿਸੇ ਦੀ, ਕੋਈ ਨਾ ਕੋਈ ਸ਼ਿਕਾਇਤ ਹੁੰਦੀ, ਕਦੀ ਘਰ ਨੂੰ ਹੀਟ ਦੇਣ ਵਾਲਾ ਗੈਸ ਬੁਆਇਲਰ ਖਰਾਬ। ਕਦੀ ਕੋਈ ਤਖ਼ਤੀ ਜਾਂ ਕੁੰਡੀ ਟੁੱਟ ਗਈ। ਕਦੇ ਸਿੰਕ ਵਿੱਚ ਕੁਝ ਫਸ ਗਿਆ। ਕਦੇ ਟੁਆਇਲਟ ਬਲੌਕ ਹੋ ਗਈ। ਇਹਨੂੰ ਠੀਕ ਕਰਨ ਦਾ ਪਲੰਬਰ ਸੌ ਪੌਂਡ ਲੈਂਦਾ। ਕਦੇ ਰਸੋਈ ਦੇ ਚੁੱਲ੍ਹੇ 'ਚ ਕੋਈ ਨੁਕਸ ਪੈ ਗਿਆ। ਅੰਕਲ ਖਿਝਦਾ। ਪਲੰਬਰ ਨੂੰ ਆਪਣੇ ਸੈੱਲ ਫ਼ੋਨ ਤੋਂ ਫ਼ੋਨ ਮਿਲਾਉਂਦਾ। ਜੇਕਰ ਉਹ ਮੁਰੰਮਤ ਦੇ ਜਾਇਜ਼ ਪੈਸੇ ਮੰਗਦਾ ਤਾਂ ਅੰਕਲ ਘਰ ਦਾ ਪਤਾ ਸਮਝਾਉਂਦਾ।
ਉਹ ਦੱਸਦਾ-''ਘਰਾਂ ਅੰਦਰ ਮੈਂ ਭਾਂਤ-ਭਾਂਤ ਦੀ ਲੱਕੜੀ 'ਕੱਠੀ ਕੀਤੀ ਹੋਈ ਆ...ਕਿਸੇ ਇੱਕ ਪੂਰੇ ਟੱਬਰ ਨੂੰ ਮੈਂ ਘਰ ਨ੍ਹੀਂ ਦਿੰਦਾ...ਇੱਕ-ਇੱਕ ਕਮਰਾ ਚਾੜ੍ਹਦਾ ਹਾਂ...ਬਾਥਰੂਮ ਤੇ ਰਸੋਈ ਸਭ ਦੇ ਸਾਂਝੇ, ਵਾਰੀ-ਵਾਰੀ ਵਰਤੋ...ਨਾ ਈ ਮੈਂ ਕਿਸੇ ਇੱਕ ਕਮਿਊਨਿਟੀ ਦੇ ਤਬਕੇ ਦੇ ਲੋਕਾਂ ਨੂੰ ਘਰ ਦੇਵਾਂ...ਨਹੀਂ ਤਾਂ ਉਹ ਲੋਕ ਏਕਾ ਕਰ ਕੇ ਮਕਾਨ ਮਾਲਕ ਦੇ ਖ਼ਿਲਾਫ਼ ਜੁੜ ਜਾਣਗੇ...ਹੈ ਨਾ ਸੱਚੀ ਗੱਲ ਮੇਰੀ...?"
''ਗੱਲ ਸੁਣ ਪੁੱਤਰ, ਤੂੰ ਸੋਚਦਾ ਹੋਵੇਂਗਾ ਕਿ ਅੰਕਲ ਖਵਰੇ ਕਿੰਨੀ ਕੁ ਕਮਾਈ ਕਰ ਰਿਹਾ ਹੋਣਾ ਕਿਰਾਏ ਦੇ ਘਰਾਂ ਤੋਂ...ਸਾਰੀ ਉਮਰ ਤਾਂ ਘਰ ਲੈਣ-ਬਣਾਉਣ 'ਤੇ ਲੰਘਗੀ...ਬਚਦਾ-ਬੁਚਦਾ ਕੱਖ ਨ੍ਹੀਂ...ਕਰਜ਼ਾ ਈ ਹੁਣੇ ਲੱਥਾ...ਕਦੇ ਕੋਈ ਕਿਰਾਏ ਦਾਰ ਭੱਜ ਜਾਂਦੈ ਸਾਲ਼ਾ...ਫਿਰ ਪੇਪਰ 'ਚ ਐਡ ਦਿੰਨਾ ਵਾਂ ਕਿ ਕਮਰਾ ਲੈਣਾ ਹੋਵੇ ਤਾਂ ਵਿਹਲਾ ਪਿਆ...ਕੋਈ ਇੱਕ ਸਿਆਪਾ ਆ ਏਥੇ...?"
                                   ********
ਦੱਸਦਾ ਜਾਵਾਂ ਕਿ ਅੰਕਲ ਨਾਲ ਮੇਲ ਕਿਵੇਂ ਹੋਇਆ? ਪੰਜ-ਛੇ ਸਾਲਾਂ ਤੋਂ ਅੰਕਲ ਮੇਰੇ ਕਾਲਮ ਵਲੈਤ ਵਿੱਚ ਛਪਦੀ ਵੱਡੀ ਪੰਜਾਬੀ ਅਖ਼ਬਾਰ 'ਰਣਜੀਤ ਵੀਕਲੀ' ਵਿੱਚ ਪੜ੍ਹਦਾ ਆ ਰਿਹਾ ਹੈ। ਉਸਨੂੰ ਚੰਗੀਆਂ ਪੁਸਤਕਾਂ, ਮਿਆਰੀ ਫ਼ਿਲਮਾਂ ਤੇ ਚੰਗੇ ਸੰਗੀਤ ਨਾਲ ਬਹੁਤ ਮੋਹ ਹੈ। ਮੈਨੂੰ ਅੰਕਲ ਨੇ ਇੰਡੀਆ ਬਹੁਤ ਵਾਰੀ ਫੋ:ਨ ਕੀਤੇ। ਵਲੈਤ ਆਉਣ ਲਈ ਸੱਦਾ ਦਿੱਤਾ। ਹੁਣ ਜਦ ਮੈਂ ਆਪਣੇ ਕੁਝ ਦੋਸਤਾਂ ਦੇ ਬੁਲਾਵੇ 'ਤੇ ਵਲੈਤ ਪੁੱਜਿਆ ਤਾਂ ਇਹ ਕਿਵੇਂ ਹੋ ਸਕਦਾ ਸੀ ਕਿ ਅੰਕਲ ਨੂੰ ਫ਼ੋਨ ਨਾ ਕਰਦਾ ਮੈਂ? ਇੰਡੀਆ ਤੋਂ ਵੀ ਅੰਕਲ ਨੂੰ ਫ਼ੋਨ ਕੀਤਾ ਸੀ ਕਿ ਮੈਂ ਆ ਰਿਹਾਂ। ਅੰਕਲ ਉਡੀਕਦਾ ਸੀ।  ਵਲੈਤ ਪਹੁੰਚ ਕੇ ਵੀਹ ਦਿਨ ਤਾਂ ਅੰਕਲ ਦੇ ਸ਼ਹਿਰ ਜਾਇਆ ਨਹੀਂ ਗਿਆ। ਪਰ ਅੰਕਲ ਹਰ ਰੋਜ਼ ਫ਼ੋਨ ਕਰਕੇ ਮੇਰਾ ਹਾਲ-ਚਾਲ ਜਾਣ ਲੈਂਦਾ। ਜਦ ਮੈਂ ਕੋਚ ਵਿੱਚ ਬੈਠ ਕੇ ਅੰਕਲ ਦੇ ਸ਼ਹਿਰ ਪੁੱਜਿਆ ਤਾਂ ਉਹ ਬੱਸ ਅੱਡੇ 'ਤੇ ਆਣ ਕੇ ਮੈਨੂੰ ਲੈ ਗਿਆ। ਰਾਹ ਵਿੱਚ ਜਾਂਦੇ ਹੀ ਉਹਨੇ ਬੜੀ ਬੇਬਾਕੀ ਨਾਲ ਆਖਿਆ, ''ਪੁੱਤਰ, ਮਾਈਂਡ ਨਾ ਕਰੀਂ ਤੂੰ...ਤੇਰੀ ਅੰਟੀ ਦੀ ਨੇਚਰ ਗੁੱਡ ਨਹੀਂ ਆ...ਮੇਰੇ ਨਾਲ ਬੜੀ ਦੇਰ ਤੋਂ ਅਣਬਣ ਆਂ...ਭਾਵੇਂ ਇਕੱਠੇ ਰਹਿ ਰਹੇ ਆਂ...ਪਰ ਨਾ ਹੋਇਆਂ ਵਰਗੇ...ਪੁੱਤਰ ਤੂੰ ਮਾਈਂਡ ਨਾ ਕਰੀਂ...ਮੈਂ ਤੈਨੂੰ ਸਭ ਕੁਝ ਦੱਸੂੰਗਾ...ਉਂਝ ਤੈਨੂੰ ਵਧੀਆ ਮਿਲੂ...ਤੇਰਾ ਆਪਣਾ ਘਰ ਆ...ਜਿੰਨੇ ਦਿਨ ਮਰਜ਼ੀ ਰਹਿ...ਉਹ ਆਪਣੀ ਧੁਨ 'ਚ ਮਸਤ ਆ...ਬੱਚੇ ਕੋਲ ਨਹੀਂ...ਤੈਨੂੰ ਫਿਰ ਦੱਸਾਂਗਾ...ਓ.ਕੇ. ਪੁੱਤਰ...ਡੌਂਟ ਵਰੀ...ਯੂ ਵੈੱਲਕਮ ਪੁੱਤਰ...।"

                                     

ਰਿੰਕੂ ਸੈਣੀ

ਧਰਤੀ

ਕੀ ਹੋਇਆ ਧਰਤੀ ਭੈਣੇ,
ਤੂੰ ਕਾਹਨੂੰ ਅੱਖ ਵਹਾਹਵੇ,
ਪਹਿਲਾਂ ਤਾਂ ਸੀ ਹੱਸੀ ਖੇਡੀ,
ਹੁਣ ਕਿਉਂ ਸੁੱਕਦੀ ਜਾਵੇ।

ਕੀ ਦੱਸਾਂ ਦੁਖੜੇ ਚੰਨ ਵੀਰਾ,
ਮੈਨੂੰ ਸਮਝ ਕੋਈ ਨਾ ਆਵੇ,
ਜਿਨਾਂ ਨੂੰ ਮੈਂ ਜੀਵਨ ਦਿੱਤਾ,
ਉਹੀ ਬੰਦਾ ਮੈਨੂੰ ਉਜਾੜਣਾ ਚਾਹੇ।

ਹਰ ਪਾਸੇ ਮੈਂ ਬੰਜਰ ਹੋਈ,
ਕੋਈ ਪੋਦਾ ਨਜਰ ਨਾ ਆਵੇ,
ਧੁੰਆ ਧੁੰਆ ਹਰ ਪਾਸੇ ਦੇਖਾ,
ਮੈਨੂੰ ਸਾਹ ਰੱਤਾ ਨਾ ਆਵੇ।

ਬੰਦਾ ਜਾਤ ਬੜੀ ਮਤਲਬਖੋਰੀ,
ਕੋਣ ਇਸ ਨੂੰ ਸਮਝਾਵੇ,
ਜਿਨਾਂ ਸਾਹ ਤੇ ਛਾਵਾਂ ਬਖਸੇ,
ਉਨਾਂ ਦਰੱਖਤਾਂ ਨੂੰ ਕੱਟਦਾ ਜਾਵੇ।

ਪਾਣੀ ਵੀ ਮੇਰਾ ਸੁੱਕ ਗਿਆ ਹੈ,
ਫਿਰ ਵੀ ਮੇਰੀ ਛਾਤੀ ਨੂੰ ਪੁੱਟਦਾ ਜਾਵੇ,
ਮੈਂ ਖੁਦ ਅੱਜ ਨਿਢਾਲ ਹੋਈ ਹਾਂ,
ਕੋਈ ਆਕੇ ਮੈਨੂੰ ਬਚਾਵੇ ।
ਰਿੰਕੂ ਸੈਣੀ